ਟੋਹਾਣਾ, 25 ਮਈ (ਮਨਜੀਤ ਸਿੰਘ) - ਟੋਹਾਣਾ ਵਿੱਚ ਆਈ.ਟੀ.ਆਈ. ਪੜ੍ਹਨ ਜਾ ਰਹੇ ਇਕ ਵਿਦਿਆਰਥੀ 'ਤੇ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਹਮਲੇ ਵਿੱਚ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਪਹਿਲਾਂ ਟੋਹਾਣਾ ਦੇ ਸੰਗਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਸਰਕਾਰੀ ਹਸਪਤਾਲ ਟੋਹਾਣਾ ਰੈਫ਼ਰ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਅੱਜ ਸਵੇਰੇ ਸ਼ੰਭੂ ਨਾਮਕ ਵਿਦਿਆਰਥੀ ਆਈ.ਟੀ.ਆਈ. ਟੋਹਾਣਾ ਪੜ੍ਹਨ ਜਾ ਰਿਹਾ ਸੀ | ਜਦੋਂ ਉਹ ਮਾਡਲ ਟਾਊਨ ਨੇੜੇ ਪਹੁੰਚਿਆ ਤਾਂ ਦੋ-ਤਿੰਨ ਮੋਟਰਸਾਈਕਲਾਂ 'ਤੇ ਸਵਾਰ ਛੇ ਤੋਂ ਸੱਤ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਅਤੇ ਲਾਠੀਆਂ-ਡੰਡਿਆਂ ਨਾਲ ਹਮਲਾ ਕਰ ਦਿੱਤਾ | ਹਮਲੇ ਦੌਰਾਨ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ | ਜ਼ਖਮੀ ਵਿਦਿਆਰਥੀ ਸ਼ੰਭੂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਆਈ.ਟੀ.ਆਈ. ਟੋਹਾਣਾ ਵਿੱਚ ਕੁੱਝ ਨੌਜਵਾਨ ਕਿਸੇ ਵਿਦਿਆਰਥੀ ਨੂੰ ਚੁੱਕਣ ਆਏ ਸਨ, ਜਿਸ ਦਾ ਉਸ ਨੇ ਵਿਰੋਧ ਕੀਤਾ ਸੀ | ਉਸ ਸਮੇਂ ਉਹ ਨੌਜਵਾਨ ਉੱਥੋਂ ਭੱਜ ਗਏ ਸਨ | ਸ਼ੰਭੂ ਦਾ ਦੋਸ਼ ਹੈ ਕਿ ਉਸੇ ਰੰਜਿਸ਼ ਦੇ ਚੱਲਦਿਆਂ ਅੱਜ ਉਸ 'ਤੇ ਹਮਲਾ ਕੀਤਾ ਗਿਆ | ਹਮਲੇ ਤੋਂ ਬਾਅਦ ਮੌਕੇ 'ਤੇ ਮੌਜੂਦ ਕੁੱਝ ਲੋਕਾਂ ਨੇ ਜ਼ਖਮੀ ਹਾਲਤ ਵਿੱਚ ਸ਼ੰਭੂ ਨੂੰ ਹਸਪਤਾਲ ਪਹੁੰਚਾਇਆ | ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ | ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ |