ਟੋਹਾਣਾ, 29 ਮਈ (ਮਨਜੀਤ ਸਿੰਘ) - ਜਾਖਲ ਮੰਡੀ ਦੇ ਰੇਲਵੇ ਓਵਰਬਿ੍ਜ ਨੂੰ ਉੱਚਾ ਚੁੱਕਣ ਅਤੇ ਨਵੇਂ ਸਿਰੇ ਤੋਂ ਤਿਆਰ ਕਰਨ ਦੇ ਪ੍ਰੋਜੈਕਟ ਤਹਿਤ ਪੁਰਾਣੇ ਪੁਲ ਨੂੰ ਢਾਹੁਣ ਦਾ ਕੰਮ ਰੇਲਵੇ ਵਿਭਾਗ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ | ਮੌਕੇ 'ਤੇ ਜੇਸੀਬੀ ਮਸ਼ੀਨਾਂ ਅਤੇ ਹੋਰ ਭਾਰੀ ਉਪਕਰਨਾਂ ਦੀ ਮਦਦ ਨਾਲ ਪੁਲ ਦੇ ਹਿੱਸਿਆਂ ਨੂੰ ਤੋੜਿਆ ਜਾ ਰਿਹਾ ਹੈ, ਜਦਕਿ ਪੁਲਿਸ ਪ੍ਰਸ਼ਾਸਨ ਵੀ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਹੈ | ਇਸ ਕਾਰਨ ਭੂਨਾ-ਕੁਲਾਂ ਰੋਡ ਅਤੇ ਆਸ-ਪਾਸ ਦੇ ਇਲਾਕਿਆਂ ਦੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ | ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣਾ ਰੂਟ ਬਦਲ ਕੇ ਯਾਤਰਾ ਕਰਨ, ਕਿਉਂਕਿ ਪੁਲ ਨੂੰ ਢਾਹੁਣ ਦਾ ਕੰਮ ਅੱਗੇ ਵਧਣ ਨਾਲ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਵੀ ਕੀਤਾ ਜਾ ਸਕਦਾ ਹੈ | ਮੌਕੇ 'ਤੇ ਮੌਜੂਦ ਕਰਮਚਾਰੀਆਂ ਅਨੁਸਾਰ ਰੇਲਵੇ ਵਿਭਾਗ ਦੇ ਹੁਕਮਾਂ ਤਹਿਤ ਠੇਕੇਦਾਰ ਵਲੋਂ ਪੁਲ ਨੂੰ ਤੋੜਨ ਦਾ ਕੰਮ ਕੀਤਾ ਜਾ ਰਿਹਾ ਹੈ | ਹਾਲਾਂਕਿ ਆਵਾਜਾਈ ਨੂੰ ਲੈ ਕੇ ਅਜੇ ਤੱਕ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਕਿ ਰਸਤਾ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ ਜਾਂ ਸੀਮਿਤ ਤੌਰ 'ਤੇ ਚਾਲੂ ਰੱਖਿਆ ਜਾਵੇਗਾ | ਜੇ ਰੇਲਵੇ ਪੁਲ ਤੋਂ ਆਵਾਜਾਈ ਬੰਦ ਕੀਤੀ ਜਾਂਦੀ ਹੈ ਤਾਂ ਵਾਹਨਾਂ ਲਈ ਰੇਲਵੇ ਅੰਡਰਪਾਸ ਇੱਕ ਵਿਕਲਪ ਵਜੋਂ ਮੌਜੂਦ ਹੈ, ਪਰ ਇਹ ਰਸਤਾ ਕਾਫ਼ੀ ਭੀੜਾ ਹੋਣ ਕਾਰਨ ਵੱਡੇ ਟਰੱਕਾਂ, ਸਕੂਲੀ ਬੱਸਾਂ ਅਤੇ ਹੋਰ ਭਾਰੀ ਵਾਹਨਾਂ ਲਈ ਉਚਿੱਤ ਨਹੀਂ ਹੈ | ਅਜਿਹੇ ਵਾਹਨਾਂ ਨੂੰ ਬਦਲਵੇਂ ਰਸਤੇ ਅਤੇ ਲੰਬੇ ਰੂਟਾਂ ਰਾਹੀਂ ਸਫ਼ਰ ਕਰਨਾ ਪੈ ਸਕਦਾ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰੇਲਵੇ ਪ੍ਰਸ਼ਾਸਨ ਵਲੋਂ ਇਸ ਕੰਮ ਸਬੰਧੀ ਰਸਤੇ ਨੂੰ ਅਸਥਾਈ ਤੌਰ 'ਤੇ ਬੰਦ ਕੀਤਾ ਗਿਆ ਸੀ | ਹੁਣ ਪੁਲ ਨੂੰ ਉੱਚਾ ਚੁੱਕਣ ਦੀ ਯੋਜਨਾ ਅਧੀਨ ਇਸ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਆਵਾਜਾਈ ਸੰਬੰਧੀ ਹੋਰ ਪਾਬੰਦੀਆਂ ਵੀ ਲੱਗ ਸਕਦੀਆਂ ਹਨ | ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਫ਼ਰ ਤੋਂ ਪਹਿਲਾਂ ਰਸਤੇ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਕੇ ਹੀ ਸਫ਼ਰ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ |