ਟੋਹਾਣਾ, 31 ਮਈ (ਮਨਜੀਤ ਸਿੰਘ) - ਟੋਹਾਣਾ ਦੇ ਪਿੰਡ ਬੋਸਤੀ ਦੀ ਹੋਣਹਾਰ ਧੀ ਪੂਜਾ ਸਿੰਘ ਨੇ ਚੀਨ ਤੇ ਹਾਂਗਕਾਂਗ ਵਿੱਚ ਹੋ ਰਹੀ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ | 19 ਸਾਲਾ ਪੂਜਾ ਨੇ ਮਹਿਲਾ ਹਾਈ ਜੰਪ ਮੁਕਾਬਲੇ ਵਿੱਚ 1.93 ਮੀਟਰ ਦੀ ਸ਼ਾਨਦਾਰ ਛਾਲ ਲਗਾ ਕੇ ਸੋਨ ਤਮਗ਼ਾ ਆਪਣੇ ਨਾਮ ਕੀਤਾ ਅਤੇ ਨਾਲ ਹੀ 14 ਸਾਲ ਪੁਰਾਣਾ ਸੀਨੀਅਰ ਨੈਸ਼ਨਲ ਰਿਕਾਰਡ ਵੀ ਤੋੜ ਦਿੱਤਾ | ਮੁਕਾਬਲੇ ਦੌਰਾਨ ਪੂਜਾ ਨੇ ਪਹਿਲਾਂ 1.91 ਮੀਟਰ ਦੀ ਛਾਲ ਲਗਾ ਕੇ ਅੰਡਰ-20 ਰਾਸ਼ਟਰੀ ਰਿਕਾਰਡ ਆਪਣੇ ਨਾਮ ਕੀਤਾ ਅਤੇ ਸੋਨ ਤਗਮੇ 'ਤੇ ਕਬਜ਼ਾ ਜਮਾਇਆ | ਇਸ ਤੋਂ ਬਾਅਦ ਉਸ ਨੇ 1.93 ਮੀਟਰ ਦੀ ਉਚਾਈ ਵੀ ਸਫਲਤਾਪੂਰਵਕ ਪਾਰ ਕਰ ਲਈ | ਇਸ ਪ੍ਰਦਰਸ਼ਨ ਨਾਲ ਉਸ ਨੇ ਸਾਲ 2012 ਵਿੱਚ ਕੇਰਲ ਦੀ ਸਾਹਨਾ ਕੁਮਾਰੀ ਵੱਲੋਂ ਬਣਾਇਆ ਗਿਆ 1.92 ਮੀਟਰ ਦਾ ਸੀਨੀਅਰ ਨੈਸ਼ਨਲ ਰਿਕਾਰਡ ਤੋੜ ਕੇ ਨਵਾਂ ਇਤਿਹਾਸ ਸਿਰਜ ਦਿੱਤਾ | ਪੂਜਾ ਸਿੰਘ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਹਾਈ ਜੰਪ ਦਾ ਸੋਨ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਐਥਲੀਟ ਬਣ ਗਈ ਹੈ | ਇਸ ਉਪਲਬਧੀ ਨਾਲ ਉਸ ਨੇ ਸਾਲ 2026 ਦੀਆਂ ਕਾਮਨਵੈਲਥ ਖੇਡਾਂ ਲਈ ਕੁਆਲੀਫਿਕੇਸ਼ਨ ਮਾਰਕ ਵੀ ਹਾਸਲ ਕਰ ਲਿਆ ਹੈ | ਪੂਜਾ ਦੀ ਇਸ ਇਤਿਹਾਸਕ ਕਾਮਯਾਬੀ 'ਤੇ ਫ਼ਤਿਹਾਬਾਦ ਅਤੇ ਟੋਹਾਣਾ ਖੇਤਰ ਵਿੱਚ ਖ਼ੁਸ਼ੀ ਦੀ ਲਹਿਰ ਹੈ | ਖੇਡ ਪ੍ਰੇਮੀਆਂ, ਸਮਾਜਿਕ ਸੰਸਥਾਵਾਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਪਿੰਡ ਬੋਸਤੀ ਦੀ ਇਹ ਧੀ ਅੱਜ ਹਰਿਆਣਾ ਅਤੇ ਭਾਰਤ ਦੀਆਂ ਧੀਆਂ ਲਈ ਪੇ੍ਰਰਨਾ ਬਣ ਗਈ ਹੈ |