ਅਧੂਰੀ ਪਾਕਿਸਤਾਨ ਯਾਤਰਾ: ਵੈਰੀਫਿਕੇਸ਼ਨ ਪ੍ਰਕਿਰਿਆ ਵਿਚ ਅਣਗਹਿਲੀ ਦੇ ਦੋਸ਼, ਸੰਗਤ ਨੇ ਜਤਾਇਆ ਰੋਸ
ਅਜੀਤ ਡੈਸਕ
14-06-2026
ਸੰਗਤ ਨੇ ਹਰਿਆਣਾ ਕਮੇਟੀ ਦੇ ਬਾਈਕਾਟ ਦਾ ਅਲਟੀਮੇਟਮ ਦਿੰਦਿਆਂ 19 ਤੋਂ 21 ਜੂਨ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜਾਣ ਵਾਲੇ ਜਥੇ ਵਿੱਚ ਪਾਕਿ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਦੀ ਮੰਗ ਕੀਤੀ | ਮੀਟਿੰਗ ਵਿੱਚ ਐਚਐਸਜੀਪੀਸੀ ਮੈਂਬਰ ਜਗਤਾਰ ਸਿੰਘ ਮਾਨ ਨੇ ਸਿੱਖ ਸੰਗਤ ਦੀ ਭਾਵਨਾਤਮਿਕ ਖੱਜਲ-ਖੁਆਰੀ ਲਈ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਜ਼ਿੰਮੇਵਾਰ ਦੱਸਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ | ਮੀਟਿੰਗ ਮੌਕੇ ਅਧੂਰੀ ਯਾਤਰਾ ਲਈ ਜ਼ਿੰਮੇਵਾਰ ਕਮੇਟੀ ਅਧਿਕਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗੀ ਗਈ |
ਸਮੁੱਚੇ ਘਟਨਾਕ੍ਰਮ ਮੌਕੇ ਵਾਹਗਾ ਸਰਹੱਦ 'ਤੇ ਮੌਜੂਦ ਰਹੇ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ 94 ਸ਼ਰਧਾਲੂਆਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਵੈਰੀਫਿਕੇਸ਼ਨ ਰਿਪੋਰਟਾਂ ਨਾ ਪਹੁੰਚਣ ਕਾਰਨ ਲਾਈਨ ਵਿੱਚੋਂ ਬਾਹਰ ਕੀਤਾ ਗਿਆ ਸੀ | ਹੁਣ ਤੱਕ 38 ਵਾਰ ਪਾਕਿਸਤਾਨ ਜਾ ਚੁੱਕੇ ਗਿਆਨੀ ਹੁਰਾਂ ਸਪੱਸ਼ਟ ਕੀਤਾ ਕਿ ਹਰਿਆਣਾ ਸਰਕਾਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੰਡੀਗੜ੍ਹ ਤੋਂ ਸਮੇਂ ਸਿਰ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਹੀ ਜਥੇ ਨੂੰ ਹਰੀ ਝੰਡੀ ਨਹੀਂ ਮਿਲ ਸਕੀ | ਗੁਰਬਚਨ ਸਿੰਘ ਨੇ ਦੋਸ਼ ਲਾਇਆ ਕਿ ਦਿੱਲੀ ਦੇ ਇੱਕ ਉਘੇ ਸਿੱਖ ਆਗੂ ਦੀ ਸਿਆਸੀ ਪੈਂਤੜੇਬਾਜ਼ੀ ਕਾਰਨ ਹਰਿਆਣਾ, ਮਹਾਰਾਸ਼ਟਰ ਤੇ ਰਾਜਸਥਾਨ ਦੀਆਂ ਸੰਗਤਾਂ ਦਰਸ਼ਨਾਂ ਤੋਂ ਵਾਂਝੀਆਂ ਰਹਿ ਗਈਆਂ |
ਜਥੇ ਵਿੱਚ ਸ਼ਾਮਿਲ ਗਿਆਨੀ ਗਿਆਨ ਸਿੰਘ ਨੇ ਦੱਸਿਆ ਕਿ ਕਮੇਟੀ ਦੀ ਅਣਗਹਿਲੀ ਕਾਰਨ ਉਨ੍ਹਾਂ ਦਾ ਜ਼ਿੰਦਗੀ ਵਿੱਚ ਪਹਿਲੀ ਵਾਰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਖੁੰਝ ਗਿਆ | ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਮਾ ਸਮਾਂ ਧੁੱਪ ਵਿੱਚ ਖੜ੍ਹਨਾ ਪਿਆ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਬਜ਼ੁਰਗਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਦੀਆਂ ਅੱਖਾਂ ਵਿੱਚੋਂ ਵਾਪਸ ਮੁੜਦਿਆਂ ਹੰਝੂ ਵਗ ਰਹੇ ਸਨ | ਇੱਥੋਂ ਤੱਕ ਕਿ ਗਰਮੀ ਕਾਰਨ ਉਨ੍ਹਾਂ ਨੂੰ ਗੁਰੂਘਰ ਦੇ ਕਮਰਿਆਂ ਵਿੱਚ ਬਿਨਾਂ ਸਹੀ ਪੱਖਿਆਂ ਦੇ ਰਾਤ ਲੰਘਾਉਣੀ ਪਈ | ਸੰਗਤਾਂ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ 19 ਜੂਨ ਨੂੰ ਜਥੇ ਨਾਲ ਪਾਕਿਸਤਾਨ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ | ਚਿਤਾਵਨੀ ਦਿੱਤੀ ਗਈ ਕਿ ਮੰਗ ਨਾ ਮੰਨੀ ਗਈ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ |