ਨਵੀਂ ਦਿੱਲੀ,20 ਜੂਨ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤਰਾਖੰਡ ਵਿਚ ਸਿੱਖ ਸ਼ਰਧਾਲੂਆਂ ‘ਤੇ ਹੋਏ ਹਮਲੇ ਨੂੰ ਵੇਖਦਿਆਂ ਉੱਚ ਪੱਧਰੀ ਵਫ਼ਦ ਉੱਥੇ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਸਥਾਨਕ ਸਰਕਾਰ ਤੇ ਪ੍ਰਸ਼ਾਸਨ ਕੋਲ ਇਹ ਮਾਮਲਾ ਚੁੱਕ ਕੇ ਇਸ ਦਾ ਤਰਕਸੰਗਤ ਨਿਪਟਾਰਾ ਕਰਵਾਇਆ ਜਾ ਸਕੇ । ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ । ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪਹਿਲਾਂ ਜਿਸ ਤਰੀਕੇ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਪ੍ਰਯਾਗਰਾਜ ਵਿਖੇ ਟਕਰਾਅ ਹੋਇਆ, ਉਸ ਬਾਰੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨ ਨੇ ਸਵੈ ਰੱਖਿਆ ਵਾਸਤੇ ਕ੍ਰਿਪਾਨਾਂ ਚਲਾਈਆਂ ਪਰ ਉੱਥੇ ਦੀ ਪੁਲਿਸ ਨੇ ਜੋ ਰਵੱਈਆ ਵਿਖਾਇਆ, ਦੁਨੀਆ ਵਿਚ ਉਸ ਦਾ ਗ਼ਲਤ ਸੁਨੇਹਾ ਗਿਆ ਜਿਸ ਦੀ ਦਿੱਲੀ ਗੁਰਦੁਆਰਾ ਕਮੇਟੀ ਸਖ਼ਤ ਨਿਖੇਧੀ ਕਰਦੀ ਹੈ । ਉਨ੍ਹਾਂ ਦੱਸਿਆ ਕਿ ਛੇਤੀ ਦਿੱਲੀ ਕਮੇਟੀ ਦਾ ਵਫ਼ਦ ਉੱਥੇ ਭੇਜਿਆ ਜਾਵੇਗਾ ਅਤੇ ਮੁੱਖ ਮੰਤਰੀ ਤੇ ਰਾਜਪਾਲ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰੇਗਾ ।