ਯਮੁਨਾਨਗਰ, 13 ਜੁਲਾਈ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਸਰਕਾਰ ਧੀਆਂ ਦੇ ਵਿਆਹ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਲਾਗੂ ਕਰ ਰਹੀ ਹੈ। ਇਹ ਯੋਜਨਾ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਸਸ਼ਕਤ ਬਣਾਉਣ ਅਤੇ ਧੀਆਂ ਦੇ ਵਿਆਹ ਨੂੰ ਉਤਸ਼ਾਹਿਤ ਕਰਨ ਲਈ ਇਕ ਸ਼ਲਾਘਾਯੋਗ ਉਪਰਾਲਾ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਦੱਸਿਆ ਕਿ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਦੇ ਤਹਿਤ ਰਾਜ ਸਰਕਾਰ ਅਨੁਸੂਚਿਤ ਜਾਤੀਆਂ, ਵਿਮੁਕਤ ਜਾਤੀਆਂ ਅਤੇ ਟਪਰੀਵਾਸ ਭਾਈਚਾਰਿਆਂ ਦੇ ਯੋਗ ਪਰਿਵਾਰਾਂ ਨੂੰ ਵਿਆਹ ਦੇ ਮੌਕੇ 71,000 ਰੁ. ਦੀ ਰਾਸ਼ੀ ਪ੍ਰਦਾਨ ਕਰ ਰਹੀ ਹੈ। ਇਸੇ ਤਰ੍ਹਾਂ ਪੱਛੜੇ ਵਰਗ ਦੇ ਪਰਿਵਾਰਾਂ ਨੂੰ ਵਿਆਹ ਦੇ ਮੌਕੇ ਦਾਜ ਵਜੋਂ 51,000 ਰੁ. ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ਵਿਧਵਾ, ਤਲਾਕਸ਼ੁਦਾ, ਅਨਾਥ ਜਾਂ ਬੇਸਹਾਰਾ ਔਰਤਾਂ ਨੂੰ ਵੀ ਪੁਨਰ ਵਿਆਹ ’ਤੇ 51,000 ਰੁ. ਦਿੱਤੇ ਜਾਂਦੇ ਹਨ (ਜੇਕਰ ਉਨ੍ਹਾਂ ਨੇ ਆਪਣੇ ਪਹਿਲੇ ਵਿਆਹ ਦੇ ਸਮੇਂ ਇਸ ਯੋਜਨਾ ਦਾ ਲਾਭ ਨਾ ਲਿਆ ਹੋਵੇ)। ਜੇਕਰ ਨਵ-ਵਿਆਹੁਤਾ ਜੋੜਾ ਅਪਾਹਜ ਹੈ ਤਾਂ ਉਨ੍ਹਾਂ ਨੂੰ 51,000 ਰੁ. ਦੀ ਸਹਾਇਤਾ ਰਾਸ਼ੀ ਵੀ ਮਿਲੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਦਾ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੀਆਂ ਲੜਕੀਆਂ ਦੇ ਵਿਆਹ ’ਚ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਯੋਜਨਾ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪੱਛੜੇ ਵਰਗ ਦੇ ਪਰਿਵਾਰਾਂ ਨੂੰ ਆਪਣੀਆਂ ਧੀਆਂ ਦੇ ਵਿਆਹ ਲਈ 51,000 ਰੁ. ਦਾ ਦਾਜ ਮਿਲੇਗਾ, ਕਿਸੇ ਵੀ ਵਰਗ ਦੀਆਂ ਮਹਿਲਾ ਖਿਡਾਰੀਆਂ ਨੂੰ ਆਪਣੇ ਵਿਆਹ ਲਈ ਦਾਜ ਮਿਲੇਗਾ ਅਤੇ ਅਪਾਹਜ ਜੋੜਿਆਂ ਜਿਨ੍ਹਾਂ ਵਿਚ ਜੀਵਨ ਸਾਥੀ ’ਚੋਂ ਇਕ ਅਪਾਹਜ ਹੈ, ਨੂੰ ਵੀ 51,000 ਰੁ. ਦਾ ਦਾਜ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਵਿਆਹ ਦੇ 6 ਮਹੀਨਿਆਂ ਦੇ ਅੰਦਰ ਵਿਆਹ ਰਜਿਸਟਰ ਕਰਵਾਉਣਾ ਲਾਜ਼ਮੀ ਹੈ।