ਸਿਰਸਾ, 18 ਜੁਲਾਈ (ਭੁਪਿੰਦਰ ਪੰਨੀਵਾਲੀਆ)- ਇਲਾਕੇ ’ਚ ਨਹਿਰਾਂ ਦੀ ਬੰਦੀ, ਬਿਜਲੀ ਦੀ ਕਮੀ ਤੇ ਮੀਂਹ ਨਾ ਪੈਣ ਕਾਰਨ ਇਲਾਕੇ ’ਚ ਝੋਨੇ ਦੀ ਲੁਆਈ ਦਾ ਕੰਮ ਪਛੜ ਰਿਹਾ ਹੈ। ਕਿਸਾਨਾਂ ਵੱਲੋਂ ਲਾਏ ਗਏ ਝੋਨੇ ’ਚ ਪਾਣੀ ਦੀ ਕਮੀ ਕਾਰਨ ਤਰੇੜਾਂ ਪੈ ਰਹੀਆਂ ਹਨ ਤੇ ਨਦੀਨ ਪੈਦਾ ਹੋ ਰਹੇ ਹਨ। ਕਿਸਾਨਾਂ ਨੇ ਦੱਸਿਆ ਹੈ ਕਿ ਨਹਿਰਾਂ ਦੀ ਬੰਦੀ ਅਤੇ ਬਿਜਲੀ ਦੀ ਕਮੀ ਕਾਰਨ ਝੋਨੇ ਦੀ ਲੁਆਈ ਦਾ ਕੰਮ ਪਛੜ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੂਰੇ ਹਾੜ੍ਹ ਦੇ ਮਹੀਨੇ ਵਿੱਚ ਇਲਾਕੇ ਵਿੱਚ ਮੀਂਹ ਨਹੀਂ ਪਿਆ ਜਿਸ ਕਾਰਨ ਬਿਜਲੀ ਦੀ ਮੰਗ ਹੋਰ ਜਿਆਦਾ ਵੱਧ ਗਈ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਮੀਂਹ ਨਾ ਪੈਣ ਕਾਰਨ ਇਲਾਕੇ ਵਿੱਚ ਸੋਕੇ ਵਰਗੇ ਹਲਾਤ ਪੈਦਾ ਹੋ ਗਏ ਹਨ। ਲਾਏ ਗਏ ਝੋਨੇ ’ਚ ਪਾਣੀ ਦੀ ਕਮੀ ਕਾਰਨ ਤਰੇੜਾਂ ਪੈ ਰਹੀਆਂ ਹਨ। ਨਦੀਨ ਉਗ ਰਹੇ ਹਨ। ਕਿਸਾਨਾਂ ਨੇ ਦੱਸਿਆ ਹੈ ਕਿ ਪਾਣੀ ਦੀ ਕਮੀ ਕਾਰਨ ਕੁਝ ਖੇਤਰਾਂ ’ਚ ਝੰਡਾ ਰੋਗ ਵੀ ਪੈਦਾ ਹੋ ਰਿਹਾ ਹੈ। ਕਈ ਪਿੰਡਾਂ ਵਿੱਚ ਲੋਕ ਮੀਂਹ ਲਈ ਮਿੱਠੇ ਚੌਲਾਂ ਦਾ ਲੰਗਰ ਵੀ ਲਾ ਰਹੇ ਹਨ ਪਰ ਮੀਂਹ ਫਿਰ ਵੀ ਨਹੀਂ ਪੈ ਰਿਹਾ ਜਿਸ ਕਾਰਨ ਇਲਾਕੇ ਦੇ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਸਾਰੀਆਂ ਨਹਿਰਾਂ ’ਚ ਤਿੰਨ ਹਫ਼ਤੇ ਪਾਣੀ ਛਡੇ ਜਾਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਝੋਨੇ ਦੀ ਲੁਆਈ ਦੌਰਾਨ ਬਿਜਲੀ ਅੱਠ ਘੰਟਿਆਂ ਦੀ ਬਜਾਏ ਬਾਰਾਂ ਘੰਟੇ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ।