ਕਾਲਾਂਵਾਲੀ/ਸਿਰਸਾ, 20 ਜੁਲਾਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਛੱਤਰੀਆਂ ਦੇ ਨੌਜਵਾਨ ਅਸ਼ੋਕ ਕੁਮਾਰ ਦੇ ਕਤਲ ਮਾਮਲੇ ਵਿੱਚ ਥਾਣਾ ਬੜਾਗੁੜ੍ਹਾ ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਬੜਾਗੁੜ੍ਹਾ ਦੇ ਇੰਚਾਰਜ ਲਾਭ ਸਿੰਘ ਨੇ ਦੱਸਿਆ ਕਿ 12 ਜੁਲਾਈ ਨੂੰ ਛੱਤਰੀਆਂ ਪਿੰਡ ਦੇ ਵਸਨੀਕ ਅਸ਼ੋਕ ਕੁਮਾਰ ਦੇ ਕਤਲ ਸਬੰਧੀ ਉਸਦੇ ਭਰਾ ਮੁਕੇਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤ ਅਨੁਸਾਰ ਘਟਨਾ ਵਾਲੇ ਦਿਨ ਮ੍ਰਿਤਕ ਅਸ਼ੋਕ ਕੁਮਾਰ, ਉਸਦਾ ਭਰਾ ਮੁਕੇਸ਼ ਅਤੇ ਉਨ੍ਹਾਂ ਦਾ ਚਾਚਾ ਖੇਤ ਤੋਂ ਪਸ਼ੂਆਂ ਲਈ ਹਰਾ ਚਾਰਾ ਲੈ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਮੁਕੇਸ਼ ਅਤੇ ਉਸਦੇ ਚਾਚੇ ਨੇ ਆਪਣੀ ਜਾਨ ਬਚਾਉਣ ਲਈ ਮੌਕੇ ਤੋਂ ਭੱਜ ਗਏ, ਪਰ ਹਮਲਾਵਰਾਂ ਨੇ ਅਸ਼ੋਕ ਨੂੰ ਫੜ ਲਿਆ ਅਤੇ ਉਸ ’ਤੇ ਡੰਡਿਆਂ ਅਤੇ ਲੋਹੇ ਦੀਆਂ ਪਾਈਪਾਂ ਨਾਲ ਬੇਰਹਿਮੀ ਕੁੱਟਿਆ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਅਸ਼ੋਕ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਧਿਰਾਂ ਵਿਚਕਾਰ 1,000 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋ-ਤਿੰਨ ਮਹੀਨਿਆਂ ਤੋਂ ਝਗੜਾ ਚੱਲ ਰਿਹਾ ਸੀ। ਭਾਵੇਂ ਪਿੰਡ ਦੀ ਪੰਚਾਇਤ ਵਿੱਚ ਸਮਝੌਤਾ ਹੋ ਗਿਆ ਸੀ ਪਰ ਦੋਵਾਂ ਧਿਰਾਂ ਵਿੱਚ ਤਣਾਅ ਬਣਿਆ ਰਿਹਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਕਾਰਨ ਇਹ ਵਾਰਦਾਤ ਕੀਤੀ। ਇਸ ਮਾਮਲੇ ਵਿੱਚ ਥਾਣਾ ਬੜਾਗੁੜ੍ਹਾ ਪੁਲੀਸ ਨੇ 16-17 ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਬੜਾਗੁੜ੍ਹਾ ਦੇ ਇੰਚਾਰਜ ਲਾਭ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਿਰਸਾ ਜ਼ਿਲ੍ਹੇ ਦੇ ਪਿੰਡ ਛੱਤਰੀਆਂ ਵਾਸੀ ਸਾਹਿਬ ਰਾਮ ਪੁੱਤਰ ਤਾਰਾਚੰਦ, ਸੰਜੇ ਪੁੱਤਰ ਸਾਹਿਬ ਰਾਮ, ਯਸ਼ਪਾਲ ਉਰਫ਼ ਕਾਕੂ ਪੁੱਤਰ ਰਣਜੀਤ ਸਿੰਘ, ਵਿਨੈ ਉਰਫ਼ ਸੋਨੂੰ ਪੁੱਤਰ ਜੈ ਸਿੰਘ ਅਤੇ ਸੰਦੀਪ ਉਰਫ਼ ਦੀਪੂ ਪੁੱਤਰ ਪ੍ਰਿਥਵੀ ਰਾਜ ਵਜੋਂ ਹੋਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਹੋਰ ਲੋਕਾਂ ਬਾਰੇ ਪਤਾ ਕੀਤਾ ਜਾਵੇਗਾ ਅਤੇ ਅਪਰਾਧ ਵਿੱਚ ਵਰਤੇ ਗਏ ਹਥਿਆਰਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੌਰਾਨ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਸੰਭਾਵੀ ਟਿਕਾਣਿਆਂ ’ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।