ਕਾਲਾਂਵਾਲੀ/ਸਿਰਸਾ, 27 ਜੁਲਾਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੀ ਪਿੰਡ ਚੋਰਮਾਰ ਖੇੜਾ, ਸਾਲਮ ਖੇੜਾ, ਕਿੰਗਰੇ, ਜੰਡਵਾਲਾ ਜਾਟਾਂ, ਟੱਪੀ ਅਤੇ ਘੁਕਿਆਂਵਾਲੀ ਸਮੇਤ ਕਈ ਪਿੰਡਾਂ ਵਿੱਚ ਮੌਨਸੂਨ ਦਾ ਪਹਿਲਾ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਮੀਂਹ ਨਾਲ ਸਾਉਣੀ ਦੀਆਂ ਫਸਲਾਂ ਨੂੰ ਫਾਇਆ ਹੋਇਆ ਹੈ। ਭਾਰੀ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਂਦੀ ਹੈ। ਉਥੇ ਦੀ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਆਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਾਰ ਮੀਂਹ ਨਾਲ ਪੈਣ ਕਰਕੇ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਾਨਸੂਨ ਦੇ ਇਸ ਪਹਿਲੇ ਮੀਂਹ ਨੇ ਉਨ੍ਹਾਂ ਦੀਆਂ ਫਸਲਾਂ ਨੂੰ ਮੁੜ ਸੁਰਜੀਤ ਕੀਤਾ ਹੈ। ਕਿਸਾਨ ਗੁਰਪ੍ਰੀਤ ਸਿੰਘ, ਜਗਦੀਸ਼ ਸਿੰਘ, ਲਖਵੀਰ ਸਿੰਘ, ਲਾਭ ਸਿੰਘ ਅਤੇ ਮਦਨ ਲਾਲ ਦਾ ਕਹਿਣਾ ਹੈ ਕਿ ਇਸ ਬਾਰਿਸ਼ ਨਾਲ ਗੁਆਰ, ਜਵਾਰ, ਝੋਨੇ ਅਤੇ ਕਪਾਹ ਦੀਆਂ ਖੜ੍ਹੀਆਂ ਫਸਲਾਂ ਨੂੰ ਬਹੁਤ ਫਾਇਦਾ ਹੋਵੇਗਾ। ਇਹ ਪਾਣੀ ਲੰਬੇ ਸਮੇਂ ਤੋਂ ਸੋਕੇ ਤੋਂ ਪੀੜਤ ਫਸਲਾਂ ਲਈ ਵਰਦਾਨ ਸਾਬਤ ਹੋਇਆ ਹੈ ਅਤੇ ਝਾੜ ਵਧਣ ਦੀ ਉਮੀਦ ਵਧੀ ਹੈ। ਇਸ ਤੋਂ ਇਲਾਵਾ ਕਈ ਪਿੰਡਾਂ ਦੇ ਨੀਵੇਂ ਇਲਾਕੇ ਪਾਣੀ ਨਾਲ ਭਰ ਗਿਆ। ਜਿਸ ਕਰਕੇ ਗਲੀਆਂ ਵਿੱਚ ਖੜੇ ਪਾਣੀ ਨੇ ਲੋਕਾਂ ਦਾ ਤੁਰਨਾ ਵੀ ਮੁਸ਼ਕਲ ਕਰ ਦਿੱਤਾ।