ਯਮੁਨਾਨਗਰ, 31 ਜੁਲਾਈ (ਗੁਰਦਿਆਲ ਸਿੰਘ ਨਿਮਰ)-ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਡਿਪਟੀ ਕਮਿਸ਼ਨਰ ਪ੍ਰੀਤੀ ਸਮੇਤ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੂਬੇ ‘ਚ 2 ਅਗਸਤ ਤੋਂ ਲੈ ਕੇ 15 ਅਗਸਤ ਤੱਕ ਤਿੰਨ ਪੜਾਵਾਂ ‘ਚ ‘ਹਰ ਘਰ ਤਿਰੰਗਾ’ ਅਭਿਆਨ ਚਲਾਇਆ ਜਾਵੇਗਾ, ਜਿਸ ਤਹਿਤ ਸਮੁੱਚੇ ਜ਼ਿਲ੍ਹਿਆਂ ‘ਚ ਹਰ ਆਂਗਣਵਾੜੀ, ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਤਿਰੰਗਾ ਯਾਤਰਾ, ਤਿਰੰਗਾ ਸਹੁੰ, ਦੌੜ, ਮੇਲਾ, ਕੈਨਵਸ, ਵੰਦੇ ਮਾਤਰਮ ਗਾਇਨ, ਗੀਤ, ਹਰ ਘਰ ਤਿਰੰਗਾ-ਹਰ ਘਰ ਸਵੱਛਤਾ ਆਦਿ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਮੀਟਿੰਗ ਉਪਰੰਤ ਡੀ. ਸੀ. ਨੇ ਦੱਸਿਆ ਕਿ ‘ਹਰ ਘਰ ਤਿਰੰਗਾ’ ਅਭਿਆਨ ਦੇ ਸਫਲ ਸੰਚਾਲਨ ਲਈ ਜ਼ਿਲ੍ਹੇ ਦੇ ਸਾਰੇ ਵਿਭਾਗ ਮੁਖੀਆਂ, ਉਪ-ਮੰਡਲ ਅਧਿਕਾਰੀਆਂ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਅਭਿਆਨ ਦੇਸ਼ ਭਗਤੀ, ਰਾਸ਼ਟਰੀ ਏਕਤਾ ਅਤੇ ਤਿਰੰਗੇ ਪ੍ਰਤੀ ਸਤਿਕਾਰ ਨੂੰ ਮਜ਼ਬੂਤ ਕਰਨ ਦਾ ਇਕ ਮਹੱਤਵਪੂਰਨ ਸਾਧਨ ਹੈ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਜਨਤਕ ਭਾਗੀਦਾਰੀ ਨਾਲ ਅਭਿਆਨ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਆਪਸੀ ਤਾਲਮੇਲ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਨਿਰਧਾਰਤ ਸਮੇਂ ਦੌਰਾਨ ਹਰੇਕ ਸਰਕਾਰੀ ਦਫ਼ਤਰ, ਕਾਲਜ, ਵਿੱਦਿਅਕ ਸੰਸਥਾ, ਪੰਚਾਇਤ ਭਵਨ, ਸ਼ਹਿਰੀ ਸਥਾਨਕ ਸੰਸਥਾ ਦਫ਼ਤਰ ਅਤੇ ਹੋਰ ਸਰਕਾਰੀ ਇਮਾਰਤਾਂ ‘ਤੇ ਰਾਸ਼ਟਰੀ ਝੰਡਾ ਸਤਿਕਾਰ ਨਾਲ ਲਹਿਰਾਇਆ ਜਾਵੇ। ਉਨ੍ਹਾਂ ਨਾਗਰਿਕਾਂ ਨੂੰ ਆਪਣੇ ਘਰਾਂ ‘ਤੇ ਤਿਰੰਗਾ ਲਹਿਰਾਉਣ ਲਈ ਵੀ ਉਤਸ਼ਾਹਿਤ ਕੀਤਾ। ਉਨ੍ਹਾਂ ਸਕੂਲਾਂ, ਕਾਲਜਾਂ, ਸਵੈ-ਸਹਾਇਤਾ ਸਮੂਹਾਂ, ਨੌਜਵਾਨਾਂ ਅਤੇ ਸਮਾਜਿਕ ਸੰਗਠਨਾਂ ਨੂੰ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਰੈਲੀਆਂ, ਸਵੇਰ ਦੀ ਸੈਰ, ਸਹੁੰ ਚੁੱਕ ਪ੍ਰੋਗਰਾਮ ਅਤੇ ਹੋਰ ਜਨਤਕ ਜਾਗਰੂਕਤਾ ਗਤੀਵਿਧੀਆਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਤਿਰੰਗੇ ਪ੍ਰਤੀ ਸਾਡੀ ਸ਼ਰਧਾ ਨੂੰ ਜ਼ਿੰਦਾ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਅਜਿਹੇ ਪ੍ਰੋਗਰਾਮ ਆਉਣ ਵਾਲੀਆਂ ਪੀੜ੍ਹੀਆਂ ‘ਚ ਤਿਰੰਗੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਸਮੁੱਚੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੁਹਿੰਮ ਦੀ ਨਿਯਮਿਤ ਤੌਰ ‘ਤੇ ਸਮੀਖਿਆ ਕਰਨ ਅਤੇ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਸਾਰੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਿਪੋਰਟ ਸੌਂਪਣ। ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡਾ ਲਹਿਰਾਉਂਦੇ ਸਮੇਂ ਭਾਰਤੀ ਝੰਡਾ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਤਿਰੰਗੇ ਦੇ ਸਨਮਾਨ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ। ਡੀ. ਸੀ. ਨੇ ਸਮੁੱਚੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਸਰਕਾਰੀ ਦਫ਼ਤਰਾਂ, ਵਿੱਦਿਅਕ ਸੰਸਥਾਵਾਂ, ਪੰਚਾਇਤਾਂ ਅਤੇ ਹੋਰ ਜਨਤਕ ਥਾਵਾਂ ‘ਤੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵੀਨ ਆਹੂਜਾ, ਜਗਾਧਰੀ ਦੇ ਐਸ. ਡੀ. ਐਮ. ਵਿਸ਼ਵਨਾਥ, ਵਿਆਸਪੁਰ ਦੇ ਐਸ. ਡੀ. ਐਮ. ਡਾ. ਕੁਲਦੀਪ ਸਿੰਘ, ਛਛਰੌਲੀ ਦੇ ਐਸ. ਡੀ. ਐਮ. ਜਸਪਾਲ ਸਿੰਘ ਗਿੱਲ, ਰਾਦੌਰ ਦੇ ਐਸ. ਡੀ. ਐਮ. ਨਰਿੰਦਰ ਕੁਮਾਰ, ਡੀ. ਐਸ. ਪੀ. ਕੰਵਲਜੀਤ ਸਿੰਘ, ਸਿਟੀ ਮੈਜਿਸਟ੍ਰੇਟ ਪਿਊਸ਼ ਗੁਪਤਾ, ਡੀ. ਡੀ. ਪੀ. ਓ. ਨਰਿੰਦਰ ਸਿੰਘ, ਡੀ. ਪੀ. ਆਰ ਓ. ਡਾ. ਮਨੋਜ ਕੁਮਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਲੱਟਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।