ਪੁਰਾਣੀ ਸਬਜ਼ੀ ਮੰਡੀ ਦੀ ਬਦਹਾਲੀ : ਕੂੜੇ ਨਾਲ ਭਰੀ ਸੜਕ , ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਜਨਜੀਵਨ ਪ੍ਰਭਾਵਿਤ
ਟੋਹਾਣਾ, 22 ਅਗਸਤ (ਮਨਜੀਤ ਸਿੰਘ) - ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਪੂਰੇ ਟੋਹਾਣਾ ਦਾ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ।
ਟੋਹਾਣਾ, 22 ਅਗਸਤ (ਮਨਜੀਤ ਸਿੰਘ) - ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਪੂਰੇ ਟੋਹਾਣਾ ਦਾ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ। ਪੁਰਾਣੀ ਸਬਜ਼ੀ ਮੰਡੀ ਵਿੱਚ ਤਾਂ ਹਾਲਾਤ ਹੋਰ ਵੀ ਚਿੰਤਾਜਨਕ ਬਣੇ ਹੋਏ ਹਨ, ਜਿੱਥੇ ਕੂੜਾ ਸੜਕ ’ਤੇ ਖਿੱਲਰਿਆ ਪਿਆ ਹੋਣ ਕਾਰਨ ਲੋਕਾਂ ਲਈ ਲੰਘਣ ਵਾਸਤੇ ਰਸਤਾ ਤੱਕ ਨਹੀਂ ਬਚਿਆ। ਟੋਹਾਣਾ ਦੀ ਪੁਰਾਣੀ ਸਬਜ਼ੀ ਮੰਡੀ ਦੀ ਸੜਕ ’ਤੇ ਥਾਂ-ਥਾਂ ਕੂੜਾ ਪਿਆ ਹੋਣ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂੜੇ ਦੇ ਢੇਰਾਂ ਕਾਰਨ ਬਦਬੂ ਫੈਲ ਰਹੀ ਹੈ ਅਤੇ ਗੰਦਗੀ ਕਾਰਨ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਕੂੜੇ ਦੀ ਚੁਕਾਈ ਨਾ ਹੋਣ ਨਾਲ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਸਥਾਨਕ ਲੋਕਾਂ ਨੇ ਟੋਹਾਣਾ ਦੇ ਰਾਜਨੇਤਾਵਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸ਼ਹਿਰ ਦੇ ਲੋਕ ਗੰਦਗੀ ਅਤੇ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਹੇ ਹਨ ਤਾਂ ਲੋਕਾਂ ਦੀ ਆਵਾਜ਼ ਬਣ ਕੇ ਸਮੱਸਿਆ ਦਾ ਹੱਲ ਕਰਵਾਉਣ ਲਈ ਸਿਆਸੀ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਲੋਕਾਂ ਨੇ ਕਿਹਾ ਕਿ ਪੁਰਾਣੀ ਕਹਾਵਤ ਹੈ ਕਿ ‘ਜਦੋਂ ਰੋਮ ਸੜ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ।’ ਉਨ੍ਹਾਂ ਦਾ ਕਹਿਣਾ ਹੈ ਕਿ ਟੋਹਾਣਾ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਇਹ ਕਹਾਵਤ ਇੱਥੋਂ ਦੇ ਰਾਜਨੇਤਾਵਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਲੋਕਾਂ ਨੇ ਸਵਾਲ ਕੀਤਾ ਕਿ ਕੀ ਟੋਹਾਣਾ ਦੇ ਕਿਸੇ ਰਾਜਨੇਤਾ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਲਈ ਆਵਾਜ਼ ਉਠਾਉਣ ਅਤੇ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਉਣ ਲਈ ਗੋਕੁਲ ਸੇਤੀਆ ਵਰਗਾ ਦਮ ਹੈ ਜਾਂ ਫਿਰ ਆਗੂ ਸਿਰਫ਼ ਸੈਰ-ਸਪਾਟੇ ਅਤੇ ਘੁੰਮਣ-ਫਿਰਨ ਤੱਕ ਹੀ ਸੀਮਤ ਹਨ। ਲੋਕਾਂ ਨੇ ਪ੍ਰਸ਼ਾਸਨ ਅਤੇ ਨਗਰ ਪਰਿਸ਼ਦ ਤੋਂ ਮੰਗ ਕੀਤੀ ਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਤੁਰੰਤ ਹੱਲ ਕੱਢਿਆ ਜਾਵੇ ਅਤੇ ਪੁਰਾਣੀ ਸਬਜ਼ੀ ਮੰਡੀ ਸਮੇਤ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਜਮ੍ਹਾਂ ਕੂੜੇ ਨੂੰ ਤੁਰੰਤ ਚੁਕਵਾਇਆ ਜਾਵੇ, ਤਾਂ ਜੋ ਲੋਕਾਂ ਨੂੰ ਗੰਦਗੀ ਤੋਂ ਰਾਹਤ ਮਿਲ ਸਕੇ ਅਤੇ ਆਮ ਜਨਜੀਵਨ ਮੁੜ ਲੀਹ ’ਤੇ ਆ ਸਕੇ।