ਡੀ.ਡੀ.ਏ. ਪਾਰਕਾਂ ਦੀ ਸੁਰੱਖਿਆ ਪ੍ਰਤੀ ਜਾਇਜ਼ਾ ਲੈ ਕੇ ਕਮੀਆਂ ਕਰ ਰਿਹੈ ਪੂਰੀਆਂ
ਨਵੀਂ ਦਿੱਲੀ, 29 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਡੀ.
ਨਵੀਂ ਦਿੱਲੀ, 29 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਡੀ.ਡੀ.ਏ. (ਦਿੱਲੀ ਡਿਵੈੱਲਪਮੈਂਟ ਅਥਾਰਟੀ) ਨੇ ਦਿੱਲੀ ਦੇ ਤਕਰੀਬਨ 300 ਪਾਰਕਾਂ ਦੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ ਅਤੇ ਹੋਰ ਪਾਰਕਾਂ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ। ਡੀ.ਡੀ.ਏ. ਪਾਰਕਾਂ ਦੀ ਨਿਗਰਾਨੀ ਤੇ ਸੁਰੱਖਿਆ ਰੱਖਣ ਲਈ ਸੁਰੱਖਿਆ ਗਾਰਡਾਂ ਦੀ ਤਾਇਨਾਤੀ, ਸੀ.ਸੀ.ਟੀ.ਵੀ. ਕੈਮਰਿਆਂ ਦੀ ਵਿਵਸਥਾ, ਲਾਈਟ, ਆਉਣ-ਜਾਣ ਵਾਲੇ ਰਸਤਿਆਂ ਦੀ ਨਿਗਰਾਨੀ, ਪਾਰਕਾਂ ਦੀ ਚਾਰ-ਦੀਵਾਰੀ ਪ੍ਰਤੀ ਵਿਸ਼ੇਸ਼ ਤੌਰ ’ਤੇ ਧਿਆਨ ਦੇ ਕੇ ਵਿਵਸਥਾ ਕਰਨ ਵਿਚ ਵੀ ਜੁਟਿਆ ਹੋਇਆ ਹੈ। ਡੀ.ਡੀ.ਏ. ਪੁਲਿਸ ਅਤੇ ਹੋਰ ਏਜੰਸੀਆਂ ਦੇ ਨਾਲ ਮਿਲ ਕੇ ਵੱਡੇ ਪਾਰਕਾਂ ’ਚ ਗਾਰਡਾਂ ਦੀ ਗਿਣਤੀ ਵੀ ਵਧਾ ਰਿਹਾ ਹੈ ਅਤੇ ਇਨ੍ਹਾਂ ਨੂੰ ਟਾਰਚ, ਸੁਰੱਖਿਆ ਉਪਕਰਨ ਦੇ ਨਾਲ ਲੈੱਸ ਵੀ ਕਰ ਰਿਹਾ ਹੈ। ਪਾਰਕਾਂ ਦੀ ਸੁਰੱਖਿਆ ਦੀ ਨਿਗਰਾਨੀ ਰੱਖਣ ਲਈ ਰਾਤ ਦੇ ਸਮੇਂ ਅਚਾਨਕ ਗਸ਼ਤ ਸੀਨੀਅਰ ਅਧਿਕਾਰੀ ਕਰ ਰਹੇ ਹਨ। ਇਨ੍ਹਾਂ ਪਾਰਕਾਂ ਵਿਚ ਜਿੱਥੇ ਲਾਈਟ ਦੀ ਕਮੀ ਹੈ, ਉਥੇ ਲਾਈਟ ਲਗਾਈ ਜਾ ਰਹੀ ਹੈ ਅਤੇ ਸੰਘਣੇ ਦਰੱਖ਼ਤਾਂ ਦੀ ਛਟਾਈ ਵੀ ਕੀਤੀ ਜਾ ਰਹੀ ਹੈ ਤਾਂ ਕਿ ਨਿਗਰਾਨੀ ਰੱਖਣ ਪ੍ਰਤੀ ਅਣਗਹਿਲੀ ਨਾ ਹੋਵੇ। ਪਾਰਕਾਂ ’ਚ ਪ੍ਰਵੇਸ਼ ਕਰਨ ਪ੍ਰਤੀ ਕੋਈ ਰੋਕ ਡੀ.ਡੀ.ਏ. ਵਲੋਂ ਨਹੀਂ ਲਗਾਈ ਗਈ ਅਤੇ ਨਾ ਹੀ ਇਨ੍ਹਾਂ ਦੇ ਸਮੇਂ ਵਿਚ ਕੋਈ ਬਦਲਾਓ ਕੀਤਾ ਗਿਆ ਹੈ। ਡੀ.ਡੀ.ਏ. ਨੇ ਸੁਰੱਖਿਆ ਲਈ ਗਾਰਡਾਂ ਨੂੰ ਸਪੱਸ਼ਟ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਪਾਰਕ ਵਿਚ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਉਹ ਪੁਲਿਸ ਨੂੰ ਉਸ ਦੀ ਜਾਣਕਾਰੀ ਦੇਣ।