ਕਰਨਾਲ ਮਹਾਂਉਤਸਵ ਦੇ ਦੂਜੇ ਦਿਨ ‘ ਸੰਵੇਦਨਾ -2’ ਸਮਾਗਮ ਦੌਰਾਨ ਖ਼ੂਨਦਾਨ ਦੇ ਖੇਤਰ ’ ਚ ਸਰਗਰਮ ਸੰਸਥਾਵਾਂ ਦਾ ਕੀਤਾ ਸਨਮਾਨ
ਕਰਨਾਲ, 14 ਨਵੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਨੇ ਕਿਹਾ ਕਿ ਸਮਾਜ ਦੀ ਭਲਾਈ ਲਈ ਕੰਮ ਕਰਨ ਵਾਸਤੇ ਸੰਵੇਦਨਸ਼ੀਲਤਾ ਅਤੇ ਸੇਵਾ ਭਾਵਨਾ ਹੋਣੀ ਜ਼ਰੂਰੀ ਹੈ।
ਕਰਨਾਲ, 14 ਨਵੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਨੇ ਕਿਹਾ ਕਿ ਸਮਾਜ ਦੀ ਭਲਾਈ ਲਈ ਕੰਮ ਕਰਨ ਵਾਸਤੇ ਸੰਵੇਦਨਸ਼ੀਲਤਾ ਅਤੇ ਸੇਵਾ ਭਾਵਨਾ ਹੋਣੀ ਜ਼ਰੂਰੀ ਹੈ। ਖੂਨਦਾਨ ਇਕ ਮਹਾਨ ਸੇਵਾ ਹੈ ਕਿਉਂਕਿ ਖੂਨ ਕਿਸੇ ਫੈਕਟਰੀ ‘ਚ ਨਹੀਂ ਬਣਦਾ, ਸਗੋਂ ਮਨੁੱਖ ਦੇ ਸਰੀਰ ‘ ਚ ਹੀ ਉਪਲੱਬਧ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਖੂਨਦਾਨੀਆਂ ਦੀ ਵੱਡੀ ਲੋੜ ਹੈ, ਜੋ ਕਿ ਹਾਦਸਿਆਂ ‘ਚ ਜ਼ਖ਼ਮੀ ਹੋਏ ਲੋਕਾਂ ਸਮੇਤ ਲੋੜਵੰਦ ਮਰੀਜ਼ਾਂ ਦੀਆਂ ਜਾਨਾਂ ਬਚਾਉਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਕਰਨਾਲ ਮਹਾਂਉਤਸਵ ਦੇ ਦੂਜੇ ਦਿਨ ਨਿਫਾ ਵਲੋਂ ਕਰਵਾਏ ਗਏ ‘ਸੰਵੇਦਨਾ-2’ ਸਮਾਗਮ ਦੌਰਾਨ ਖੂਨਦਾਨ ਦੇ ਖੇਤਰ ‘ਚ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਿਰਸਾ ਦੀ ਮਨੀਰਾਮ ਕੇਹਰਵਾਲਾ ਚੈਰੀਟੇਬਲ ਟਰੱਸਟ, ਯਸ਼ਪਾਲ ਕੇਹਰਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਸਮੇਤ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਪੱਤਰਕਾਰ ਮੇਹਰ ਸਿੰਘ ਨਿਰਮਲ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ‘ਚ ਆਂਧਰਾ ਪ੍ਰਦੇਸ਼ ਦੇ ਕਲਾਕਾਰਾਂ ਨੇ ਲੋਕਤੰਤਰ ਵਿਸ਼ੇ ‘ਤੇ ਪੇਸ਼ਕਾਰੀ ਦਿੱਤੀ, ਜਦਕਿ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਡਾ. ਮਿੱਢਾ ਨੇ ਨਿਫਾ ਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਨਿਫਾ ਦੇ ਸੰਸਥਾਪਕ ਪ੍ਰਧਾਨ ਪ੍ਰੀਤਪਾਲ ਸਿੰਘ ਪੰਨੂ ਨੇ ਦੱਸਿਆ ਕਿ ਸਾਲ 2000 ‘ਚ ਕਰਨਾਲ ਤੋਂ ਸ਼ੁਰੂ ਹੋਈ ਸੰਸਥਾ ਦੀਆਂ ਇਕਾਈਆਂ ਅੱਜ ਦੇਸ਼ ਦੇ 30 ਸੂਬਿਆਂ ‘ਚ ਕੰਮ ਕਰ ਰਹੀਆਂ ਹਨ। ਸੰਸਥਾ ਹੁਣ ਤੱਕ 6 ਹਜ਼ਾਰ ਖੂਨਦਾਨ ਕੈਂਪ ਲਗਾ ਚੁੱਕੀ ਹੈ ਅਤੇ 6 ਵਿਸ਼ਵ ਰਿਕਾਰਡ ਬਣਾ ਚੁੱਕੀ ਹੈ। ਕੋਰੋਨਾ ਕਾਲ ਦੌਰਾਨ ‘ਸੰਵੇਦਨਾ ਵਨ’ ਮੁਹਿੰਮ ਤਹਿਤ ਇਕੋ ਦਿਨ 1700 ਕੈਂਪ ਲਗਾਏ ਗਏ ਸਨ। ਉਨ੍ਹਾਂ ਦੱਸਿਆ ਕਿ ਨਿਫਾ ਉੱਤਰੀ ਭਾਰਤ ਦੀ ਪਹਿਲੀ ਸੰਸਥਾ ਹੈ, ਜਿਸ ਨੂੰ ਰਾਸ਼ਟਰੀ ਯੁਵਾ ਪੁਰਸਕਾਰ ਮਿਲਿਆ ਹੈ। ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਕੁਲਵ ੀਰ ਮਲਿਕ ਨੇ ਕਿਹਾ ਕਿ ਹਰਿਆਣਾ ਰੈੱਡ ਕਰਾਸ ਖੂਨਦਾਨ ਦੇ ਖੇਤਰ ‘ਚ ਕਈ ਵਾਰ ਦੇਸ਼ ‘ਚ ਪਹਿਲਾ ਸਥਾਨ ਹਾਸਿਲ ਕਰ ਚੁੱਕੀ ਹੈ। ਸੰਸਥਾ ਵਲੋਂ ਕਰਨਾਲ ਦੇ ਸਿਵਲ ਹਸਪਤਾਲ ਅਤੇ ਕਲਪਨਾ ਚਾਵਲਾ ਮੈਡੀਕਲ ਕਾਲਜ ‘ਚ ਲੋੜਵੰਦਾਂ ਨੂੰ ਖੂਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕੇਂਦਰੀ ਮੰਤਰੀ ਮਨੋਹਰ ਲਾਲ ਦੇ ਪ੍ਰਤੀਨਿਧੀ ਕਵਿੰਦਰ ਰਾਣਾ ਤੇ ਨਿਫਾ ਦੇ ਨਰੇਸ਼ ਬਰਾਣਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।