26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਤਿੰਨ ਰੋਜ਼ਾ ਕੌਮੀ ਡੇਅਰੀ ਮੇਲਾ ਤੇ ਖੇਤੀਬਾੜੀ ਐਕਸਪੋ ਸ਼ੁਰੂ 50 ਹਜ਼ਾਰ ਤੋਂ ਵੱਧ ਕਿਸਾਨਾਂ ਦੇ ਪਹੁੰਚਣ ਦੀ ਉਮੀਦ

ਕਰਨਾਲ, 26 ਨਵੰਬਰ (ਗੁਰਮੀਤ ਸਿੰਘ ਸੱਗੂ)- ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ. ਸੀ.

Ad Position 21
No active advertisement
ਅਜੀਤ ਡੈਸਕ 27-11-2026
ਕਰਨਾਲ, 26 ਨਵੰਬਰ (ਗੁਰਮੀਤ ਸਿੰਘ ਸੱਗੂ)- ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ. ਸੀ. ਏ. ਆਰ.) ਦੇ ਕਰਨਾਲ ਸਥਿਤ ਕੌਮੀ ਡੇਅਰੀ ਖੋਜ ਸੰਸਥਾਨ (ਐੱਨ. ਡੀ. ਆਰ. ਆਈ.) ਵਿਖੇ ਤਿੰਨ ਰੋਜ਼ਾ ਕੌਮੀ ਡੇਅਰੀ ਮੇਲਾ ਅਤੇ ਖੇਤੀਬਾੜੀ ਐਕਸਪੋ-2026 ਸ਼ੁਰੂ ਹੋ ਗਿਆ। ਇਸ ਮੇਲੇ ਦਾ ਉਦੇਸ਼ ਡੇਅਰੀ, ਖੇਤੀਬਾੜੀ, ਪਸ਼ੂ ਪਾਲਣ ਅਤੇ ਇਨ੍ਹਾਂ ਨਾਲ ਜੁੜੇ ਹੋਰ ਖੇਤਰਾਂ ਦੇ ਕਿਸਾਨਾਂ, ਉੱਦਮੀਆਂ, ਵਿਗਿਆਨੀਆਂ ਅਤੇ ਉਦਯੋਗਿਕ ਅਦਾਰਿਆਂ ਨੂੰ ਇਕ ਸਾਂਝੇ ਮੰਚ ’ਤੇ ਲਿਆ ਕੇ ਨਵੀਆਂ ਤਕਨੀਕਾਂ, ਖੋਜ ਪ੍ਰਾਪਤੀਆਂ ਅਤੇ ਕਾਰੋਬਾਰ ਦੇ ਮੌਕਿਆਂ ਬਾਰੇ ਜਾਣਕਾਰੀ ਸਾਂਝੀ ਕਰਨਾ ਹੈ। ਸੰਸਥਾਨ ਦੇ ਡਾਇਰੈਕਟਰ ਡਾ. ਧੀਰ ਸਿੰਘ ਨੇ ਦੱਸਿਆ ਕਿ ਤਿੰਨ ਰੋਜ਼ਾ ਇਸ ਕੌਮੀ ਮੇਲੇ ਵਿਚ ਹਰਿਆਣਾ, ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 50 ਹਜ਼ਾਰ ਤੋਂ ਵੱਧ ਕਿਸਾਨਾਂ, ਪਸ਼ੂ ਪਾਲਕਾਂ ਅਤੇ ਪਸ਼ੂ ਪ੍ਰੇਮੀਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੇਲਿਆਂ ਦਾ ਮੁੱਖ ਮਕਸਦ ਡੇਅਰੀ ਵਿਗਿਆਨ, ਪਸ਼ੂ ਪਾਲਣ ਦੇ ਆਧੁਨਿਕ ਢੰਗਾਂ ਅਤੇ ਖੇਤੀਬਾੜੀ ਨਾਲ ਜੁੜੇ ਨਵੇਂ ਕਾਰੋਬਾਰਾਂ ਦੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਸਰਲ ਅਤੇ ਆਸਾਨ ਭਾਸ਼ਾ ਵਿਚ ਜਾਣਕਾਰੀ ਦੇਣਾ ਹੈ। ਡਾ. ਧੀਰ ਸਿੰਘ ਨੇ ਕਿਹਾ ਕਿ ਇਹ ਮੇਲਾ ਸਿਰਫ਼ ਉਤਪਾਦਾਂ ਦੀ ਪ੍ਰਦਰਸ਼ਨੀ ਨਹੀਂ, ਸਗੋਂ ਗਿਆਨ, ਤਕਨਾਲੋਜੀ ਅਤੇ ਮੰਡੀ ਨਾਲ ਜੁੜਨ ਦਾ ਇਕ ਅਹਿਮ ਮਾਧਿਅਮ ਹੈ। ਇਸ ਵਿਚ ਡੇਅਰੀ ਅਤੇ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਕਿਸਾਨਾਂ, ਪਸ਼ੂ ਪਾਲਕਾਂ, ਮਹਿਲਾ ਉੱਦਮੀਆਂ, ਨੌਜਵਾਨਾਂ, ਵਿਗਿਆਨੀਆਂ, ਖੇਤੀਬਾੜੀ ਸਟਾਰਟਅੱਪਸ, ਕਿਸਾਨ ਉਤਪਾਦਕ ਸੰਗਠਨਾਂ (ਐੱਫ. ਪੀ. ਓਜ਼), ਸਵੈ-ਸਹਾਇਤਾ ਸਮੂਹਾਂ, ਉਦਯੋਗਿਕ ਨੁਮਾਇੰਦਿਆਂ ਅਤੇ ਸਰਕਾਰੀ ਸੰਸਥਾਵਾਂ ਦੀ ਭਾਗੀਦਾਰੀ ਰਹੇਗੀ। ਮੇਲੇ ਵਿੱਚ 100 ਤੋਂ ਵੱਧ ਸਰਕਾਰੀ ਅਤੇ ਨਿੱਜੀ ਸਟਾਲ ਲਗਾਏ ਗਏ ਹਨ। ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਧੀਰ ਸਿੰਘ ਨੇ ਦੱਸਿਆ ਕਿ ਐੱਨ. ਡੀ. ਆਰ. ਆਈ. ਵਲੋਂ ਗੁਣਵੱਤਾ ਭਰਪੂਰ ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਉਤਪਾਦਾਂ ਦੇ ਉਤਪਾਦਨ, ਪ੍ਰੋਸੈਸਿੰਗ, ਗੁਣਵੱਤਾ ਜਾਂਚ ਅਤੇ ਮੰਡੀ ਤੱਕ ਪਹੁੰਚ ਵਧਾਉਣ ਲਈ ਲਗਾਤਾਰ ਖੋਜ ਕੀਤੀ ਜਾ ਰਹੀ ਹੈ। ਮੇਲੇ ਦੇ ਉਦਘਾਟਨ ਮੌਕੇ ਜਾਰੀ ਕੀਤੀਆਂ ਗਈਆਂ ਪੁਸਤਕਾਂ ਅਤੇ ਪੈਂਫਲਿਟ ਸੰਸਥਾਨ ਦੇ ਲਗਭਗ 40 ਤੋਂ 45 ਸਾਲਾਂ ਦੇ ਖੋਜ ਤਜਰਬੇ, ਤਕਨੀਕੀ ਵਿਕਾਸ ਅਤੇ ਕਿਸਾਨ ਪੱਖੀ ਖੋਜ ਕਾਰਜਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਐੱਨ. ਡੀ. ਆਰ. ਆਈ. ਨਾਬਾਰਡ, ਵੱਖ-ਵੱਖ ਖੋਜ ਸੰਸਥਾਵਾਂ, ਅਗਾਂਹਵਧੂ ਕਿਸਾਨਾਂ, ਉੱਦਮੀਆਂ ਅਤੇ ਉਦਯੋਗਿਕ ਅਦਾਰਿਆਂ ਨੂੰ ਇਕ ਮੰਚ ’ਤੇ ਲਿਆ ਕੇ ਅਜਿਹੇ ਸਮਾਗਮ ਕਰਵਾਉਂਦਾ ਹੈ, ਤਾਂ ਜੋ ਪੇਂਡੂ ਖੇਤਰਾਂ ਵਿਚ ਵਿਕਸਿਤ ਕੀਤੀਆਂ ਤਕਨੀਕਾਂ ਦਾ ਲਾਭ ਸਿੱਧਾ ਕਿਸਾਨਾਂ ਅਤੇ ਪਸ਼ੂ ਪਾਲਕਾਂ ਤੱਕ ਪਹੁੰਚ ਸਕੇ। ਸਮਾਗਮ ਦੇ ਮੁੱਖ ਮਹਿਮਾਨ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ, ਕਰਨਾਲ ਦੇ ਵਾਈਸ ਚਾਂਸਲਰ ਪ੍ਰੋ. ਸੁਰੇਸ਼ ਕੁਮਾਰ ਮਲਹੋਤਰਾ ਨੇ ਕਿਹਾ ਕਿ ਖੇਤੀਬਾੜੀ ਦਾ ਸਰਬਪੱਖੀ ਵਿਕਾਸ ਤਾਂ ਹੀ ਸੰਭਵ ਹੈ, ਜਦੋਂ ਡੇਅਰੀ, ਬਾਗਬਾਨੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਹੋਰ ਸਹਾਇਕ ਕਿੱਤਿਆਂ ਦੇ ਵਿਕਾਸ ਵੱਲ ਵੀ ਬਰਾਬਰ ਧਿਆਨ ਦਿੱਤਾ ਜਾਵੇ। ਇਸ ਮੌਕੇ ਨਾਬਾਰਡ ਦੇ ਜਨਰਲ ਮੈਨੇਜਰ ਸੁਨੀਲ ਕੌਸ਼ਿਕ ਨੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਾਬਾਰਡ ਬੈਂਕਾਂ ਲਈ ਇਕ ਅਹਿਮ ਵਿਕਾਸ ਸੰਸਥਾ ਵਜੋਂ ਕੰਮ ਕਰਦਾ ਹੈ ਅਤੇ ਖੇਤੀਬਾੜੀ, ਪੇਂਡੂ ਵਿੱਤ, ਸਵੈ-ਸਹਾਇਤਾ ਸਮੂਹਾਂ, ਕਿਸਾਨ ਉਤਪਾਦਕ ਸੰਗਠਨਾਂ ਅਤੇ ਪੇਂਡੂ ਉੱਦਮਤਾ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸ੍ਰੀ ਕੌਸ਼ਿਕ ਨੇ ਡਾ. ਵਰਗੀਜ਼ ਕੁਰੀਅਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੌਮੀ ਦੁੱਧ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਐੱਚ. ਏ. ਐੱਨ. ਐੱਸ. ਕਿਸਾਨ ਉਤਪਾਦਕ ਸੰਗਠਨ ਦੀ ਕਾਰਜ ਸਮਰੱਥਾ ਅਤੇ ਇਸ ਨਾਲ ਜੁੜਨ ਦੇ ਲਾਭਾਂ ਬਾਰੇ ਵਿਸਥਾਰ ਨਾਲ ਦੱਸਿਆ। ਸਟੇਟ ਬੈਂਕ ਆਫ਼ ਇੰਡੀਆ ਦੇ ਖੇਤਰੀ ਮੈਨੇਜਰ ਸੁਧੀਰ ਮੋਰੇ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਸਾਨਾਂ, ਪਸ਼ੂ ਪਾਲਕਾਂ ਅਤੇ ਉੱਦਮੀਆਂ ਨੂੰ ਡੇਅਰੀ ਅਤੇ ਖੇਤੀਬਾੜੀ ਖੇਤਰ ਵਿਚ ਬੈਂਕ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ, ਕਰਜ਼ਾ ਸਹੂਲਤਾਂ ਅਤੇ ਵਿੱਤੀ ਸਹਾਇਤਾ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਮੇਲੇ ਦੇ ਉਦਘਾਟਨੀ ਸਮਾਗਮ ਵਿਚ ਅਗਾਂਹਵਧੂ ਕਿਸਾਨ ਰਾਮ ਸਿੰਘ ਸਮੇਤ ਕਈ ਪਤਵੰਤੇ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿਖੇ ਵਿਕਸਤ ਭਾਰਤ ਯੁਵਾ ਸੰਵਾਦ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਜੇ.ਐਨ.ਵੀ. ਔਢਾਂ ਵਿਖੇ ਸੰਵਿਧਾਨ ਦਿਵਸ ਮਨਾਉਣ ਲਈ ਕਰਵਾਏ ਗਏ ਵੱਖ-ਵੱਖ ਪ੍ਰੋਗਰਾਮ
Ad Position 24