ਕਰਨਾਲ ’ਚ ਨਸ਼ਾ ਤਸਕਰਾਂ ਖ਼ਿਲਾਫ਼ ਐਚ. ਐਸ. ਐਨ. ਸੀ. ਬੀ. ਦੀਆਂ ਦੋ ਵੱਡੀਆਂ ਕਾਰਵਾਈਆਂ, ਦੋ ਮੁਲਜ਼ਮ ਗ੍ਰਿਫ਼ਤਾਰ
ਕਰਨਾਲ, 29 ਨਵੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ (ਐਚ. ਐਸ.
ਨ
ਨਸ਼ੀਲੇ ਪਦਾਰਥਾਂ ਸਮੇਤ ਕਾਬੂ ਮੁਲਜ਼ਮ ਵੱਖ-ਵੱਖ ਪੁਲਿਸ ਟੀਮਾਂ ਦੀ ਹਿਰਾਸਤ ’ਚ। ਤਸਵੀਰਾਂ : ਗੁਰਮੀਤ ਸਿੰਘ ਸੱਗੂ
30-11-2026
ਕਰਨਾਲ, 29 ਨਵੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ (ਐਚ. ਐਸ. ਐਨ. ਸੀ. ਬੀ.) ਦੀ ਕਰਨਾਲ ਇਕਾਈ ਨੇ ਨਸ਼ਾ ਤਸਕਰਾਂ ਖ਼ਿਲਾਫ਼ ਇਕੋ ਦਿਨ ਦੋ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਕੋਲੋਂ ਕੁੱਲ 24.3 1 ਗ੍ਰਾਮ ਹੈਰੋਇਨ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਮੁਲਜ਼ਮਾਂ ਨੇ ਨਸ਼ੀਲਾ ਪਦਾਰਥ ਮੋਟਰਸਾਈਕਲ ਦੇ ਟੂਲ ਬਾਕਸ ‘ਚ ਲੁਕਾਇਆ ਹੋਇਆ ਸੀ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਵੱਖ-ਵੱਖ ਥਾਣਿਆਂ ‘ਚ ਮਾਮਲੇ ਦਰਜ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਚ. ਐਸ. ਐਨ. ਸੀ. ਬੀ. ਦੇ ਯੂਨਿਟ ਇੰਚਾਰਜ ਇੰਸਪੈਕਟਰ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾਵਾਂ ਦੇ ਆਧਾਰ ‘ਤੇ ਉਨ੍ਹਾਂ ਦੀਆਂ ਦੋ ਵੱਖ-ਵੱਖ ਟੀਮਾਂ ਨੇ ਇਹ ਕਾਰਵਾਈਆਂ ਕੀਤੀਆਂ ਹਨ। ਪਹਿਲੀ ਟੀਮ ਨੇ ਪਿੰਡ ਕੁਟੇਲ ਦੇ ਕਮਿਊਨਿਟੀ ਸੈਂਟਰ ਦੀ ਪਾਰਕਿੰਗ ‘ਚੋਂ ਸੋਹੇਲ ਖ਼ਾਨ ਨੂੰ 11 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਦਕਿ ਦੂਜੀ ਟੀਮ ਨੇ ਸੈਦਪੁਰਾ-ਡਾਬਰੀ ਰੋਡ ‘ਤੇ ਨਹਿਰ ਦੇ ਪੁਲ ਨੇੜਿਓਂ ਅੰਕਿਤ ਨੂੰ 13.31 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਦੋਵਾਂ ਮਾਮਲਿਆਂ ‘ਚ ਬਰਾਮਦ ਨਸ਼ੀਲੇ ਪਦਾਰਥ ਦੀ ਮਾਤਰਾ ਦਰਮਿਆਨੀ ਸ਼੍ਰੇਣੀ ‘ਚ ਆਉਂਦੀ ਹੈ। ਕੁਟੇਲ ਦੇ ਕਮਿਊਨਿਟੀ ਸੈਂਟਰ ਦੀ ਪਾਰਕਿੰਗ ‘ਚੋਂ ਪਹਿਲਾ ਮੁਲਜ਼ਮ ਕੀਤਾ ਕਾਬੂ ਇੰਸਪੈਕਟਰ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਐਸ. ਆਈ. ਸਤੀਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਕੁਟੇਲ ਦਾ ਰਹਿਣ ਵਾਲਾ ਸੋਹੇਲ ਖ਼ਾਨ ਪੁੱਤਰ ਯਾਸੀਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਪਿੰਡ ਦੇ ਕਮਿਊਨਿਟੀ ਸੈਂਟਰ ਨਾਲ ਲੱਗਦੀ ਪਾਰਕਿੰਗ ‘ਚ ਆਇਆ ਹੋਇਆ ਹੈ। ਉਹ ਮੋਟਰਸਾਈਕਲ ਦੇ ਟੂਲ ਬਾਕਸ ‘ਚ ਹੈਰੋਇਨ ਲੁਕਾ ਕੇ ਨਸ਼ੇ ਦੇ ਆਦੀ ਲੋਕਾਂ ਨੂੰ ਵੇਚਣ ਦੀ ਤਾਕ ‘ਚ ਘੁੰਮ ਰਿਹਾ ਹੈ। ਸੂਚਨਾ ਨੂੰ ਭਰੋਸੇਯੋਗ ਮੰਨਦਿਆਂ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਉਥੇ ਮੁਖ਼ਬਰ ਵਲੋਂ ਦੱਸੇ ਹੁਲੀਏ ਵਾਲਾ ਨੌਜਵਾਨ ਮੋਟਰਸਾਈਕਲ ‘ਤੇ ਬੈਠਾ ਮਿਲਿਆ। ਪੁਲਿਸ ਦੀ ਗੱਡੀ ਦੇਖ ਕੇ ਉਸ ਨੇ ਮੋਟਰਸਾਈਕਲ ਸਟਾਰਟ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮੋਟਰਸਾਈਕਲ ਦੇ ਟੂਲ ਬਾਕਸ ਦੇ ਹੇਠਲੇ ਹਿੱਸੇ ‘ਚੋਂ ਪਾਰਦਰਸ਼ੀ ਮੋਮੀ ਲਿਫ਼ਾਫ਼ੀ ‘ਚ ਹਲਕੇ ਭੂਰੇ ਰੰਗ ਦਾ ਪਾਊਡਰ ਬਰਾਮਦ ਹੋਇਆ। ਜਾਂਚ ਕਰਨ ‘ਤੇ ਇਹ ਹੈਰੋਇਨ ਨਿਕਲਿਆ। ਤੋਲਣ ‘ਤੇ ਲਿਫ਼ਾਫ਼ੀ ਸਮੇਤ ਇਸ ਦਾ ਵਜ਼ਨ 11 ਗ੍ਰਾਮ ਨਿਕਲਿਆ। ਇਸ ਸੰਬੰਧੀ ਥਾਣਾ ਮਧੂਬਨ ‘ਚ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡਾਬਰੀ ਰੋਡ ਨਹਿਰ ਦੇ ਪੁਲ ਨੇੜੇ ਕੀਤੀ ਕਾਰਵਾਈ ਦੌਰਾਨ ਯੂ. ਪੀ. ਨਾਲ ਜੁੜੀ ਸਪਲਾਈ ਨੈੱਟਵਰਕ ਦੀ ਜਾਂਚ ਦੂਜੀ ਕਾਰਵਾਈ ਬਾਰੇ ਇੰਸਪੈਕਟਰ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਐਸ. ਆਈ. ਸੰਜੇ ਕੁਮਾਰ ਦੀ ਅਗਵਾਈ ਵਾਲੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੈਦਪੁਰਾ ਵਾਸੀ ਅੰਕਿਤ ਪੁੱਤਰ ਓਮ ਪ੍ਰਕਾਸ਼ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਇਹ ਨਸ਼ਾ ਉੱਤਰ ਪ੍ਰਦੇਸ਼ ਤੋਂ ਲਿਆਉਂਦਾ ਹੈ। ਉਹ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ‘ਤੇ ਨਸ਼ੀਲਾ ਪਦਾਰਥ ਲੁਕਾ ਕੇ ਸੈਦਪੁਰਾ-ਡਾਬਰੀ ਰੋਡ ‘ਤੇ ਦੋ ਨਹਿਰਾਂ ਵਿਚਕਾਰ ਖੜ੍ਹਾ ਹੈ ਅਤੇ ਨਸ਼ੇ ਦੇ ਆਦੀ ਲੋਕਾਂ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਹੈ। ਸੂਚਨਾ ਮਿਲਣ ‘ਤੇ ਪੁਲਿਸ ਟੀਮ ਤੁਰੰਤ ਡਾਬਰੀ ਰੋਡ ਸਥਿਤ ਨਹਿਰ ਦੇ ਪੁਲ ਨੇੜੇ ਪਹੁੰਚੀ। ਉਥੇ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਕੋਲ ਇਕ ਨੌਜਵਾਨ ਖੜ੍ਹਾ ਮਿਲਿਆ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰਕੇ ਜਦੋਂ ਮੋਟਰਸਾਈਕਲ ਦੀ ਤਲਾਸ਼ੀ ਲਈ ਤਾਂ ਸੀਟ ਖੋਲ੍ਹਣ ‘ਤੇ ਹੇਠਾਂ ਬਣੇ ਟੂਲ ਬਾਕਸ ‘ਚ ਕਾਲੇ ਪੌਲੀਥੀਨ ਅੰਦਰ ਰੱਖੀ ਏਅਰਟਾਈਟ ਪੈਕਿੰਗ ‘ਚੋਂ ਹਲਕੇ ਗੁਲਾਬੀ ਰੰਗ ਦਾ ਪਾਊਡਰ ਅਤੇ ਡਲੀਨੁਮਾ ਪਦਾਰਥ ਬਰਾਮਦ ਹੋਇਆ। ਜਾਂਚ ਦੌਰਾਨ ਇਸ ਦੀ ਪਛਾਣ ਹੈਰੋਇਨ ਵਜੋਂ ਹੋਈ। ਤੋਲਣ ‘ਤੇ ਪੈਕਿੰਗ ਸਮੇਤ ਇਸ ਦਾ ਵਜ਼ਨ 13.31 ਗ੍ਰਾਮ ਪਾਇਆ ਗਿਆ। ਇਸ ਮਾਮਲੇ ‘ਚ ਥਾਣਾ ਸਦਰ ਕਰਨਾਲ ਵਿਖੇ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਦੋਵਾਂ ਮੁਲਜ਼ਮਾਂ ਤੋਂ ਨਸ਼ੇ ਦੀ ਸਪਲਾਈ ਦੇ ਸ੍ਰੋਤ, ਖ਼ਰੀਦਦਾਰਾਂ ਅਤੇ ਇਸ ਧੰਦੇ ਨਾਲ ਜੁੜੇ ਹੋਰ ਲੋਕਾਂ ਬਾਰੇ ਪੁੱਛਗਿੱਛ ਕਰ ਰਹੀ ਹੈ। ਖ਼ਾਸ ਤੌਰ ‘ਤੇ ਅੰਕਿਤ ਤੋਂ ਉੱਤਰ ਪ੍ਰਦੇਸ਼ ਨਾਲ ਜੁੜੇ ਸਪਲਾਈ ਨੈੱਟਵਰਕ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।