ਜਲੰਧਰ, 2 ਫਰਵਰੀ (ਜਸਪਾਲ ਸਿੰਘ)- ਉੱਤਰਾਖੰਡ ਵਿਖੇ ਕੀਤੀ ਗਈ ਸੂਫੀ ਫ਼ਕੀਰ ਬਾਬਾ ਬੁੱਲ੍ਹੇਸ਼ਾਹ ਦੀ ਦਰਗਾਹ ਦੀ ਵਿਉਂਤਬੱਧ ਬੇਹੁਰਮਤੀ ਤੋਂ ਇਹ ਬਾਖੂਬੀ ਸਿੱਧ ਹੁੰਦਾ ਹੈ ਕਿ ਕੁੱਝ ਹਿੰਦੂਤਵੀ ਤਾਕਤਾਂ ਸਾਂਝੀਵਾਲਤਾ ਤੇ ਫਿਰਕੂ ਇਕਸੁਰਤਾ ਨੂੰ ਖਤਮ ਕਰਨ ਲਈ ਲਗਾਤਾਰ ਯਤਨਸ਼ੀਲ ਹਨ ਤੇ ਅਜਿਹੀਆਂ ਤਾਕਤਾਂ ਦੇ ਮਨਸੂਬੇ ਫੇਲ੍ਹ ਕਰਨ ਲਈ ਲੋਕਾਂ ਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੀ ਮੀਟਿੰਗ 'ਚ ਬੋਲਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕੀਤਾ | ਉਨ੍ਹਾਂ ਕਿਹਾ ਕਿ ਮੁਸਲਿਮ ਵਸੋਂ ਨੂੰ ਹਿੰਦੂ ਤਿਉਹਾਰਾਂ ਤੋਂ ਦੂਰ ਰਹਿਣ ਦਾ ਫੁਰਮਾਨ ਜਾਰੀ ਕਰਕੇ ਸੰਘੀ ਟੋਲੇ ਭਾਰਤੀ ਸਮਾਜ ਦੀ ਫਿਰਕੂ ਆਧਾਰ 'ਤੇ ਤਿੱਖੀ ਤੇ ਸਦੀਵੀਂ ਵੰਡ ਕਰਨਾ ਚਾਹੁੰਦੇ ਹਨ ¢ ਸਾਥੀ ਪਾਸਲਾ ਨੇ ਦੱਸਿਆ ਹੈ ਕਿ ਪਾਰਟੀ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ ਨੂੰ ਰਾਜਧਾਨੀ ਦਿੱਲੀ ਵਿਖੇ ਵਿਸ਼ਾਲ ਦੇਸ਼ ਵਿਆਪੀ ਇਕੱਠ ਕੀਤਾ ਜਾਵੇਗਾ ¢ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਪੰਜਾਬ ਦੇ ਅਜੋਕੇ ਖਤਰਨਾਕ ਹਾਲਾਤ ਬਾਰੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅਪਰਾਧੀ ਗਰੋਹਾਂ, ਨਸ਼ਾ ਤਸਕਰਾਂ ਤੇ ਮਾਫੀਆ ਤੰਤਰ ਨੂੰ ਹਾਸਲ ਹਕੂਮਤੀ ਥਾਪੜੇ ਸਦਕਾ ਨਾਜਾਇਜ਼ ਮਾਇਨਿੰਗ ਤੇ ਕਤਲਾਂ, ਲੁੱਟਾਂ-ਖੋਹਾਂ, ਫਿਰੌਤੀ ਵਸੂਲੀ ਆਦਿ ਵਾਰਦਾਤਾਂ ਬੇਰੋਕ ਵਧ ਰਹੀਆਂ ਹਨ | ਉਨ੍ਹਾਂ ਦੱਸਿਆ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਆਉਣ ਵਾਲੀ 26 ਫਰਵਰੀ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਲੋਕ ਇਕੱਠ ਤੇ ਰੋਸ ਮਾਰਚ ਕੀਤਾ ਜਾਵੇਗਾ | ਮੀਟਿੰਗ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ ਨੇ ਕੀਤੀ | ਇਸ ਤੋਂ ਪਹਿਲਾਂ ਸਦੀਵੀਂ ਵਿਛੋੜਾ ਦੇ ਗਏ ਸਾਥੀ ਪਿਆਰਾ ਸਿੰਘ ਪਿ੍ੰਸੀਪਲ, ਜਸਪਾਲ ਸਿੰਘ ਝਬਾਲ, ਬਲਵਿੰਦਰ ਸਿੰਘ ਛੇਹਰਟਾ, ਅਵਤਾਰ ਸਿੰਘ ਗੁਰਦਾਸਪੁਰ ਤੇ ਮਾਤਾ ਹਰਬੰਸ ਕੌਰ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ ¢