ਜਲੰਧਰ, 3 ਫਰਵਰੀ (ਸ਼ਿਵ)-ਨਗਰ ਨਿਗਮ ਪ੍ਰਸ਼ਾਸਨ ਨੇ ਘਟੀਆ ਕੰਮਾਂ ਨੂੰ ਲੈ ਕੇ ਠੇਕੇਦਾਰਾਂ ਦੇ ਖਿਲਾਫ਼ ਸਖਤੀ ਵਰਤਨੀ ਸ਼ੁਰੂ ਕਰ ਦਿੱਤੀ ਹੈ | ਸ਼ਹਿਰ ਵਿਚ ਚਾਹੇ ਘਟੀਆ ਕੰਮਾਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਪਰ ਜਲੰਧਰ ਕੈਂਟ ਵਿਚ ਘਟੀਆ ਕੰਮਾਂ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਨੇ ਪਹਿਲਾਂ ਵੱਡੀ ਕਾਰਵਾਈ ਕੀਤੀ ਹੈ | ਨਗਰ ਨਿਗਮ ਜਲੰਧਰ ਵੱਲੋਂ ਹਲਕਾ ਕੈਂਟ ਇਲਾਕੇ ਵਿੱਚ ਵੱਖ-ਵੱਖ ਵਾਰਡਾਂ ਅੰਦਰ ਪਾਰਕਾਂ ਦੀ ਮੁਰੰਮਤ, ਵਿਕਾਸ ਕਾਰਜਾਂ ਅਤੇ ਬੈਂਚਾਂ ਦੀ ਸਪਲਾਈ ਨਾਲ ਸਬੰਧਤ ਕੰਮਾਂ ਵਿੱਚ ਲਾਪਰਵਾਹੀ ਅਤੇ ਘੱਟੀਆ ਗੁਣਵੱਤਾ ਪਾਏ ਜਾਣ ਕਾਰਨ ਐੱਮ. ਐੱਸ. ਸਤਨਾਮ ਕੋਅਪਰੇਟਿਵ ਐੱਲ.ਸੀ. ਸੋਸਾਇਟੀ ਲਿਮਿਟਡ ਖਿਲਾਫ ਕੜੀ ਕਾਰਵਾਈ ਕੀਤੀ ਗਈ ਹੈ | ਨਿਗਮ ਵਲੋਂ ਵਾਰ-ਵਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਸੰਬੰਧਤ ਏਜੰਸੀ ਨੇ ਨਾ ਤਾਂ ਕੰਮ ਸਮੇਂ ਸਿਰ ਮੁਕੰਮਲ ਕੀਤਾ ਤੇ ਨਾ ਹੀ ਤਕਨੀਕੀ ਤਰੁੱਟੀਆਂ ਦੂਰ ਕੀਤੀਆਂ | ਇਲਾਕਾ ਨਿਵਾਸੀਆਂ ਅਤੇ ਕੌਂਸਲਰਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ, ਮੇਅਰ ਤੇ ਕਮਿਸ਼ਨਰ ਨਗਰ ਨਿਗਮ ਜਲੰਧਰ ਦੇ ਹੁਕਮਾਂ ਅਨੁਸਾਰ ਉਕਤ ਸੁਸਾਇਟੀ ਨੂੰ ਇਕ ਸਾਲ ਲਈ ਡੀ-ਬਾਰ ਤੇ ਬਲੈਕਲਿਸਟ ਕਰ ਦਿੱਤਾ ਗਿਆ ਹੈ | ਨਗਰ ਨਿਗਮ ਜਲੰਧਰ ਸ਼ਹਿਰ ਵਾਸੀਆਂ ਨੂੰ ਗੁਣਵੱਤਾ ਭਰਪੂਰ ਅਤੇ ਸਮੇਂ ਸਿਰ ਵਿਕਾਸ ਕਾਰਜ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਦੱਸਿਆ ਜਾਂਦਾ ਹੈ ਕਿ ਮੇਅਰ ਵਨੀਤ ਧੀਰ ਨੇ ਸ਼ਹਿਰ ਵਿੱਚ ਘਟੀਆ ਕੰਮਾਂ ਦੇ ਮਾਮਲੇ ਆ ਰਹੀਆਂ ਸ਼ਿਕਾਇਤਾਂ ਤੇ ਸਖਤ ਕਾਰਵਾਈ ਕਰਨ ਦੀ ਹਿਦਾਇਤ ਦਿੱਤੀ ਹੈ | ਨਿਗਮ ਪ੍ਰਸ਼ਾਸਨ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੀ ਸਾਰੀ ਰਿਪੋਰਟ ਚੰਡੀਗੜ੍ਹ ਵੀ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ |