ਆਦਮਪੁਰ, 4 ਫਰਵਰੀ (ਹਰਪ੍ਰੀਤ ਸਿੰਘ)- ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਵਿਖੇ 4 ਫਰਵਰੀ ਨੂੰ ਕਾਲਜ ਪਿੰ੍ਰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਵਿਚ 'ਪਰਵਾਜ਼-2026' ਬੈਨਰ ਹੇਠ ਗੁਰੂ ਨਾਨਕ ਕਾਲਜੀਏਟ ਸਕੂਲ ਵੱਲੋਂ ਇਕ ਰੋਜ਼ਾ ਸਭਿਆਚਾਰਕ ਸਮਾਗਮ ਤੇ ਖੇਡ ਮੁਕਾਬਲੇ ਕਰਵਾਏ ਗਏ | ਇਨ੍ਹਾਂ ਸਮਾਗਮਾਂ ਵਿਚ ਵੱਖ-ਵੱਖ 15 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਨ੍ਹਾਂ ਸੱਭਿਆਚਾਰਕ ਸਮਾਗਮਾਂ ਵਿਚ ਗੀਤ/ਲੋਕ ਗੀਤ/ਗ਼ਜ਼ਲ, ਕਵਿਤਾ ਉਚਾਰਣ, ਗਿੱਧਾ/ਭੰਗੜਾ, ਰੰਗੋਲੀ, ਦੁਮਾਲਾ/ਦਸਤਾਰ ਸਜਾਉਣਾ, ਸੁੰਦਰ ਲਿਖਾਈ, ਪੋਸਟਰ ਮੇਕਿੰਗ, ਪੇਟਿੰਗ, ਗੁੱਤ ਗੁੰਧਣਾ, ਮਿੱਟੀ ਦੇ ਖਿਡੌਣੇ, ਘੜਾ ਸਜਾਉਣਾ, ਕਰੋਸ਼ੀਆ ਬੁਣਨਾ, ਫੁੱਲਾਂ ਨੂੰ ਤਰਤਬੀ ਵਿਚ ਸਜਾਉਣਾ, ਫਾਲਤੂ ਸਾਮਾਨ ਨੂੰ ਵਰਤਣ ਦੀ ਕਲਾ ਪ੍ਰਦਰਸ਼ਨੀ, ਟਾਈਪਿੰਗ, ਚੈੱਸ, ਕੈਰਮ ਬੋਰਡ, ਨਿੰਬੂ ਚਮਚ ਰੇਸ, ਬੋਰੀ ਦੌੜ, ਤਿੰਨ ਟੰਗੀ ਦੌੜ, ਡਾਰਟਬੋਰਡ ਖੇਡ ਆਦਿ ਮੁਕਾਬਲੇ ਕਰਵਾਏ ਗਏ | ਇਨ੍ਹਾਂ ਸੱਭਿਆਚਾਰਕ ਤੇ ਖੇਡ ਮੁਕਾਬਲਿਆਂ ਵਿਚ ਦਰਜਨ ਦੇ ਕਰੀਬ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਹਰਕੇ ਸਟਾਫ ਮੈਂਬਰਾਨ ਦੀ ਡਿਉਟੀ ਲੱਗੀ ਹੋਈ ਸੀ | ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਆਦਮਪੁਰ ਤੋਂ ਐਸ.ਜੀ.ਪੀ.ਸੀ. ਮੈਂਬਰ ਬੀਬੀ ਦਵਿੰਦਰ ਕੌਰ ਕਾਲਰਾ ਸਨ | ਬੀਬੀ ਕਾਲਰਾ ਨੇ ਵਿਦਿਆਰਥੀਆਂ ਵਿਚ ਅਜਿਹੇ ਮੁਕਾਬਲੇ ਕਰਵਾਉਣ ਲਈ ਪਿ੍ੰਸੀਪਲ ਤੇ ਸਮੂਹ ਸਟਾਫ਼ ਦੀ ਹੌਸਲਾ ਅਫ਼ਜ਼ਾਈ ਕੀਤੀ | ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਮੁਕਾਬਲੇ ਵਿਚ ਹਿੱਸਾ ਲੈਣ ਵਾਲਾ ਹਰ ਵਿਦਿਆਰਥੀ ਜੇਤੂ ਹੈ, ਇਸ ਲਈ ਜਿਹੜੇ ਵਿਦਿਆਰਥੀਆਂ ਨੂੰ ਇਨਾਮ ਨਹੀਂ ਮਿਲਿਆ ਉਨ੍ਹਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ |