ਮਲਸੀਆਂ, 4 ਫਰਵਰੀ (ਦਲਜੀਤ ਸਿੰਘ ਸਚਦੇਵਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣਾ ਇਨਸਾਫ਼ ਦੀ ਜਿੱਤ ਹੈ | ਇਹ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਜਥੇ: ਬਲਵਿੰਦਰ ਸਿੰਘ ਕੰਗ ਬਿੱਲੀ ਚੁਹਾਰਮੀ, ਸੁਖਦੇਵ ਸਿੰਘ ਢੋਟ ਬਾਹਮਣੀਆਂ ਅਕਾਲੀ ਆਗੂ ਤੇ ਸੁਖਵਿੰਦਰ ਸਿੰਘ ਮੱਟੂ ਬੱਗਾ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਕੀਤਾ | ਅਕਾਲੀ ਆਗੂਆਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਤੇ ਲੋਕ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਸੀ, ਜਿਸ ਕਰਕੇ 'ਆਪ' ਸਰਕਾਰ ਨੇ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਮਜੀਠੀਆ 'ਤੇ ਇਕ ਝੂਠਾ ਕੇਸ ਪਾ ਕੇ ਜੇਲ੍ਹ ਭੇਜਿਆ ਸੀ, ਪਰ ਸੁਪਰੀਮ ਕੋਰਟ ਵਲੋਂ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਮੌਜੂਦਾ ਸਰਕਾਰ ਦੀ ਸਾਜਿਸ਼ ਨਾਕਾਮ ਹੋ ਗਈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਿਰੋਧ ਵਿਚ ਉਠਣ ਵਾਲੀਆਂ ਆਵਾਜ਼ਾਂ ਨੂੰ ਝੂਠੇ ਕੇਸ ਪਾ ਕੇ ਦਬਾ ਰਹੀ ਹੈ ਪਰ ਅਕਾਲੀ ਦਲ 'ਆਪ' ਸਰਕਾਰ ਦੀ ਇਸ ਧੱਕੇਸ਼ਾਹੀ ਅੱਗੇ ਝੁਕੇਗਾ ਨਹੀਂ ਤੇ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮਜੀਠੀਆ ਦੀ ਰਿਹਾਈ ਨਾਲ ਅਕਾਲੀ ਵਰਕਰਾਂ 'ਚ ਨਵਾਂ ਜੋਸ਼ ਭਰ ਗਿਆ ਹੈ ਤੇ ਪੂਰੇ ਸੂਬੇ ਵਿਚ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਹੈ | ਇਸ ਮੌਕੇ ਸੁਰਿੰਦਰ ਸਿੰਘ ਨੰਬਰਦਾਰ ਬੱਗਾ, ਰਾਮ ਸਿੰਘ ਬੱਗਾ, ਸੁਖਦੀਪ ਸਿੰਘ ਮੱਟੂ ਸਾ. ਪ੍ਰਧਾਨ ਆਦਿ ਹਾਜ਼ਰ ਸਨ |