ਜਲੰਧਰ, 24 ਫਰਵਰੀ (ਸ਼ਿਵ)-ਨਗਰ ਨਿਗਮ ਹੁਣ ਨੰਗਲ ਸ਼ਾਮਾਂ ਦੇ ਡਾਗ ਪੌਂਡ ਦੇ ਪਿਛਲੇ ਪਾਸੇ ਹੀ ਲਾਵਾਰਸ ਕੁੱਤਿਆਂ ਲਈ ਅਲੱਗ ਤੋਂ ਸ਼ੈਲਟਰ ਹੋਮ ਬਣਾਉਣ ਦੀ ਤਿਆਰੀ ਕਰ ਰਹੀ ਹੈ | ਸੁਪਰੀਮ ਕੋਰਟ ਵਲੋਂ ਇਸ ਮਾਮਲੇ ਵਿਚ ਆਏ ਆਦੇਸ਼ਾਂ ਤੋਂ ਬਾਅਦ ਉਨ੍ਹਾਂ ਲਾਵਾਰਸ ਕੁੱਤਿਆਂ ਨੂੰ ਇਸ ਸ਼ੈਲਟਰ ਹੋਮ ਵਿਚ ਰੱਖਿਆ ਜਾਵੇਗਾ, ਜਿਨ੍ਹਾਂ ਵਲੋਂ ਲੋਕਾਂ ਨੂੰ ਕੱਟਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ | ਮੇਅਰ ਵਨੀਤ ਧੀਰ ਦਾ ਕਹਿਣਾ ਸੀ ਕਿ 2800 ਵਰਗ ਗਜ ਜ਼ਮੀਨ 'ਤੇ ਇਹ ਸ਼ੈਲਟਰ ਹੋਮ ਬਣਾਇਆ ਜਾਵੇਗਾ | ਉੱਧਰ ਇਸ ਸ਼ੈਲਟਰ ਹੋਮ ਨੂੰ ਬਣਾਉਣ ਲਈ ਬਕਾਇਦਾ ਨਿਗਮ ਹਾਊਸ ਵਿਚ ਇਸ ਬਾਰੇ ਮੀਟਿੰਗ ਕੀਤੀ ਜਾਵੇਗੀ | ਇਸ ਨੂੰ ਪਾਸ ਕਰਵਾ ਕੇ ਕੰਮ ਸ਼ੁਰੂ ਹੋਵੇਗਾ | ਜੇਕਰ ਡਾਗ ਪੌਂਡ 'ਤੇ ਜ਼ਮੀਨ ਘੱਟ ਹੋਈ ਤਾਂ ਇਸ ਲਈ ਹੋਰ ਜਗਾ ਵੀ ਦੇਖੀ ਜਾ ਸਕਦੀ ਹੈ | ਦੱਸਿਆ ਜਾਂਦਾ ਹੈ ਕਿ ਸੁਪਰੀਮ ਕੋਰਟ ਦੀਆਂ ਆਈਆਂ ਹਦਾਇਤਾਂ ਤੋਂ ਬਾਅਦ ਹੁਣ ਨਗਰ ਨਿਗਮ ਨੇ ਹੁਣ ਨਵਾਂ ਸ਼ੈਲਟਰ ਹੋਮ ਬਣਾਉਣ ਦਾ ਫ਼ੈਸਲਾ ਕੀਤਾ ਹੈ | ਉਂਜ ਸ਼ਹਿਰ ਵਿਚ ਰੋਜ਼ਾਨਾ ਹੀ ਲਾਵਾਰਸ ਕੁੱਤਿਆਂ ਵਲੋਂ ਕੱਟਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਹਨ | ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਆਪ ਇਸ ਪ੍ਰਾਜੈਕਟ ਬਾਰੇ ਦਿਲਚਸਪੀ ਲੈ ਰਹੇ ਹਨ ਤਾਂ ਜੋ ਜਲਦੀ ਤੋਂ ਜਲਦੀ ਤਿਆਰ ਹੋ ਕੇ ਲੋਕਾਂ ਨੂੰ ਰਾਹਤ ਦੁਆਈ ਜਾਵੇ ਸਗੋਂ ਲਾਵਾਰਸ ਕੁੱਤਿਆਂ ਨੂੰ ਸ਼ੈਲਟਰ ਹੋਮ ਵਿਚ ਭਿਜਵਾਇਆ ਜਾਵੇ | ਦੱਸਿਆ ਜਾਂਦਾ ਹੈ ਕਿ ਜਿਹੜਾ ਨਵਾਂ ਸ਼ੈਲਟਰ ਹੋਮ ਬਣਾਇਆ ਜਾਣਾ ਹੈ | ਉਸ ਦੀ ਚਾਰਦੀਵਾਰੀ ਤੋਂ ਇਲਾਵਾ ਉੱਥੇ ਬਿਜਲੀ, ਪਾਣੀ, ਸੀਵਰੇਜ ਸਮੇਤ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ |