ਸ਼ਾਹਕੋਟ, 24 ਫਰਵਰੀ (ਸੁਖਦੀਪ ਸਿੰਘ)-ਸ਼ਾਹਕੋਟ ਦੇ ਪਿੰਡ ਸਾਦਿਕਪੁਰ ਵਿਖੇ ਸਲਾਨਾ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ | ਸਰਪੰਚ ਬੂਟਾ ਸਿੰਘ ਅਤੇ ਸਮੂਹ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਛਿੰਝ ਮੇਲੇ ਮੌਕੇ ਅੱਧੀ ਦਰਜਨ ਤੋਂ ਵੱਧ ਅਖਾੜਿਆਂ ਦੇ ਪਹਿਲਵਾਨਾਂ ਨੇ ਕੁਸ਼ਤੀਆਂ ਰਾਹੀਂ ਆਪਣੀ ਭਲਵਾਨੀ ਦੇ ਜ਼ੌਹਰ ਵਿਖਾਏ | ਪਹਿਲਾਂ ਲਾਗਲੇ ਪਿੰਡਾਂ ਦੇ ਖਿਡਾਰੀਆਂ ਦੇ ਕਬੱਡੀ ਦੇ ਸ਼ੋਅ ਮੈਚ ਕਰਵਾਏ ਗਏ | ਛਿੰਝ ਮੇਲੇ ਦਾ ਉਦਘਾਟਨ ਪਹਿਲਵਾਨ ਜੋਗਿੰਦਰ ਸਿੰਘ, ਪੁਰਾਣੇ ਵਾਲੀਬਾਲ ਖਿਡਾਰੀ ਕੁਲਦੀਪ ਸਿੰਘ ਜਰਮਨ ਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਦੁਪਹਿਰ ਤੋਂ ਬਾਅਦ ਛਿੰਝ ਮੇਲੇ 'ਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਦਾ ਦਰਸ਼ਕਾਂ ਨੇ ਅਨੰਦ ਮਾਣਿਆ | ਪਟਕੇ ਦੀ ਪਹਿਲੀ ਕੁਸ਼ਤੀ 'ਚ ਗੁਰਨਾਮ ਮਾਛੀਵਾੜਾ ਨੂੰ ਮੁਕੇਸ਼ ਕੁਰਾਲੀ ਨੇ ਚਿੱਤ ਕੀਤਾ | 2 ਨੰਬਰ ਕੁਸ਼ਤੀ ਦਾ ਯੁੱਧ ਅਕਾਸ਼ ਸ਼ਾਹਕੋਟ ਅਤੇ ਗਿੰਦਾ ਗਾਂਧਰਾ ਵਿਚਕਾਰ ਹੋਇਆ, ਪਰ ਲੰਮੇ ਸਮੇਂ ਬਾਅਦ ਉਨ੍ਹਾਂ ਨੂੰ ਬਰਾਬਰ ਛੁਡਾਉਣਾ ਪਿਆ | ਇਸ ਮੌਕੇ ਸਰਪੰਚ ਬੂਟਾ ਸਿੰਘ ਤੇ ਪੰਚਾਇਤ ਵੱਲੋਂ ਕਬੱਡੀ ਖਿਡਾਰੀਆਂ ਅਤੇ ਕੁਸ਼ਤੀਆਂ 'ਚ ਭਾਗ ਲੈਣ ਵਾਲੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ | ਐਂਕਰ ਦੇ ਫਰਜ਼ ਸੋਢੀ ਟਿੱਬੇ ਵਾਲਾ ਤੇ ਮੰਗਾ ਸਹੋਤਾ ਨੇ ਨਿਭਾਏ | ਇਸ ਮੌਕੇ ਚਾਹ- ਪਕੌੜਿਆਂ ਦੇ ਲੰਗਰ ਵਰਤਾਏ ਗਏ | ਅਖ਼ੀਰ 'ਚ ਸਰਪੰਚ ਬੂਟਾ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਬੂਟਾ ਸਿੰਘ, ਮਹਿੰਦਰ ਸਿੰਘ ਰਿੰਕੂ, ਸੁਰਿੰਦਰ ਕੌਰ, ਲਵਪ੍ਰੀਤ ਸਿੰਘ, ਮੰਗਲਪ੍ਰੀਤ ਸਿੰਘ ਜਾਮਾ, ਸੇਵਾ ਸਿੰਘ, ਬਲਬੀਰ ਸਿੰਘ, ਕੁਲਵੰਤ ਸਿੰਘ, ਜਰਨੈਲ ਸਿੰਘ, ਪ੍ਰੀਤਮ ਸਿੰਘ ਪੀਤੂ, ਰਜਿੰਦਰ ਸਿੰਘ ਪ੍ਰਧਾਨ 'ਆਪ', ਬਾਬਾ ਕਰਮ ਸਿੰਘ, ਰਾਣਾ ਪਹਿਲਵਾਨ, ਮਨਿੰਦਰ ਸਿੰਘ ਮੌਜੀ, ਬਲਵਿੰਦਰ ਸਿੰਘ ਤੇ ਗੁਰਨਾਮ ਸਿੰਘ ਨਿਧੜਕ ਆਦਿ ਹਾਜ਼ਰ ਸਨ |