ਮਕਸੂਦਾਂ, 2 ਮਾਰਚ (ਸੌਰਵ ਮਹਿਤਾ)-ਬੀਤੇ ਮੰਗਲਵਾਰ ਰਾਤ ਬਲ ਹਸਪਤਾਲ ਦੇ ਬਾਹਰ ਵਾਪਰੇ ਗੋਲੀ ਕਾਂਡ ਸੰਬੰਧੀ ਪੁਲਿਸ ਨੂੰ ਕਾਮਯਾਬੀ ਮਿਲੀ ਹੈ | ਇਸ ਮਾਮਲੇ ਵਿਚ ਨਾਮਜ਼ਦ ਇਕ ਦੋਸ਼ੀ ਜ਼ਖ਼ਮੀ ਹਾਲਤ ਵਿਚ ਹਸਪਤਾਲ 'ਚ ਦਾਖ਼ਲ ਮਿਲਿਆ ਹੈ | ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਤੁਰੰਤ ਕਦਮ ਚੁੱਕਦਿਆਂ ਇਕ ਪੁਲਿਸ ਟੀਮ ਨੂੰ ਮੌਕੇ 'ਤੇ ਭੇਜਿਆ ਅਤੇ ਦੋਸ਼ੀ ਨੂੰ ਪੁਲਿਸ ਨਿਗਰਾਨੀ ਹੇਠ ਲੈ ਲਿਆ | ਜਾਣਕਾਰੀ ਮੁਤਾਬਿਕ ਸ਼ਿਵ ਨਗਰ ਦੇ ਰਹਿਣ ਵਾਲੇ ਸੌਰਵ ਉਰਫ਼ ਨੰਨੂ ਨੂੰ ਗੋਲੀ ਲੱਗਣ ਤੋਂ ਬਾਅਦ ਉਸ ਦੇ ਭਰਾ ਬੌਬੀ ਦੇ ਬਿਆਨਾਂ 'ਤੇ ਅਨਮੋਲ, ਹਿਮਾਂਸ਼ੂ ਸ਼ਰਮਾ ਤੇ ਵਿਸ਼ਣੁ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ | ਘਟਨਾ ਤੋਂ ਬਾਅਦ ਪੁਲਿਸ ਵਲੋਂ ਨਾਮਜ਼ਦ ਵਿਅਕਤੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਵੀ ਕੀਤੀ ਗਈ, ਪਰ ਉਹ ਆਪਣੇ ਘਰਾਂ ਤੋਂ ਗਾਇਬ ਮਿਲੇ | ਸੋਮਵਾਰ ਨੂੰ ਪੁਲਿਸ ਨੂੰ ਭਰੋਸੇਯੋਗ ਸੂਚਨਾ ਪ੍ਰਾਪਤ ਹੋਈ ਕਿ ਇਸ ਮਾਮਲੇ ਵਿਚ ਸ਼ਾਮਿਲ ਵਿਸ਼ਣੂ ਜ਼ਖ਼ਮੀ ਹੋਣ ਕਰਕੇ ਹਸਪਤਾਲ ਵਿਚ ਦਾਖ਼ਲ ਹੈ | ਦੱਸਿਆ ਜਾਂਦਾ ਹੈ ਕਿ ਮੰਗਲਵਾਰ ਦੀ ਝੜਪ ਦੌਰਾਨ ਉਸ ਨੂੰ ਵੀ ਸੱਟਾਂ ਲੱਗੀਆਂ ਸਨ | ਪੁਲਿਸ ਟੀਮ ਨੇ ਹਸਪਤਾਲ ਪਹੁੰਚ ਕੇ ਹਾਲਾਤ ਦੀ ਪੁਸ਼ਟੀ ਕੀਤੀ ਤੇ ਇਲਾਜ ਅਧੀਨ ਵਿਸ਼ਣੂ ਨੂੰ ਅਧਿਕਾਰਕ ਤੌਰ 'ਤੇ ਆਪਣੀ ਨਿਗਰਾਨੀ ਵਿੱਚ ਲੈ ਲਿਆ | ਜਾਣਕਾਰੀ ਦਿੰਦੇ ਹੋਏ ਥਾਣਾ ਡਿਵੀਜ਼ਨ ਨੰਬਰ 1 ਦੇ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀ ਦਾ ਇਲਾਜ ਪੁਲਿਸ ਹਿਰਾਸਤ ਹੇਠ ਜਾਰੀ ਰਹੇਗਾ | ਜਿਵੇਂ ਹੀ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੇਗੀ, ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਤੇ ਪੁੱਛਗਿੱਛ ਸ਼ੁਰੂ ਕੀਤੀ ਜਾਵੇਗੀ | ਪੁਲਿਸ ਵਲੋਂ ਬਾਕੀ ਫਰਾਰ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ |