ਜਲੰਧਰ, 3 ਮਾਰਚ (ਸ਼ੈਲੀ)-ਮੰਗਲਵਾਰ ਨੂੰ ਜਲੰਧਰ ਦੇ ਬਸਤੀ ਸ਼ੇਖ ਦੇ ਕੋਟ ਮੁਹੱਲਾ ਵਿਚ ਇਕ ਨੌਜਵਾਨ ਨੇ ਸ਼ੱਕੀ ਹਾਲਤ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਮਿ੍ਤਕ ਦੀ ਪਛਾਣ ਗੌਤਮ (22) ਨਿਵਾਸੀ ਕੋਟ ਮੋਹਲਾ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਗੌਤਮ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ | ਸੂਚਨਾ ਮਿਲਣ 'ਤੇ ਏ. ਸੀ. ਪੀ. ਆਤਿਸ਼ ਭਾਟੀਆ ਤੇ ਥਾਣਾ ਪੰਜ ਦੇ ਮੁਖੀ ਯਾਦਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਰਟਰੀ ਵਿਚ ਰਖਵਾਇਆ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੌਤਮ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ | ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਆਤਿਸ਼ ਭਾਟੀਆ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚੇ ਅਤੇ ਇਕ ਫੋਰੈਂਸਿਕ ਟੀਮ ਨੂੰ ਬੁਲਾਇਆ | ਉਨ੍ਹਾਂ ਅੱਗੇ ਕਿਹਾ ਕਿ ਇਕ ਬੱਚੇ ਨੇ ਉੱਪਰਲੇ ਕਮਰੇ 'ਚ ਗੌਤਮ ਦੀ ਲਾਸ਼ ਲਟਕਦੀ ਦੇਖੀ ਤੇ ਲੋਕਾਂ ਨੂੰ ਦੱਸਿਆ | ਉਨ੍ਹਾਂ ਕਿਹਾ ਕਿ ਗੌਤਮ ਵਿਆਹਿਆ ਹੋਇਆ ਸੀ ਤੇ ਕੁਝ ਸਮੇਂ ਤੋਂ ਕੁਝ ਪਰਿਵਾਰਕ ਤੇ ਹੋਰ ਸਮੱਸਿਆਵਾਂ ਦੇ ਕਾਰਨ ਪ੍ਰੇਸ਼ਾਨ ਚਲ ਰਿਹਾ ਸੀ | ਉਨ੍ਹਾਂ ਕਿਹਾ ਕਿ ਮੌਤ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਨਾ ਹੀ ਕੋਈ ਖੁਦਕੁਸ਼ੀ ਨੋਟ ਮਿਲਿਆ ਹੈ | ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ |