ਜਲੰਧਰ, 3 ਮਾਰਚ (ਸ਼ੈਲੀ)-ਕਮਿਸ਼ਨਰੇਟ ਪੁਲਿਸ ਨੇ ਬੀਤੇ ਦਿਨੀਂ ਜਲੰਧਰ ਦੇ ਮੁਹੱਲਾ ਸੰਤੋਖਪੁਰਾ ਵਿਚ ਇਕ ਸਰਕਾਰੀ ਵੈਟਰਨਰੀ ਡਾਕਟਰ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਦੋਸ਼ੀਆਂ ਦੀ ਪਹਿਚਾਣ ਜਗਜੀਤ ਸਿੰਘ ਵਾਸੀ ਪਿੰਡ ਬਡਾਲਾ ਜੌਹਲ ਥਾਣਾ ਜੰਡਿਆਲਾ ਗੁਰੂ ਅੰਮਿ੍ਤਸਰ ਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਬਡਾਲਾ ਜੌਹਲ ਥਾਣਾ ਜੰਡਿਆਲਾ ਗੁਰੂ ਅੰਮਿ੍ਤਸਰ ਨੂੰ ਜੰਡਿਆਲਾ ਗੁਰੂ (ਅੰਮਿ੍ਤਸਰ) ਵਜੋਂ ਦੱਸੀ ਘਈ ਹੈ | ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਦੱਸਿਆ ਕਿ 28 ਫਰਵਰੀ ਨੂੰ ਮੁਹੱਲਾ ਸੰਤੋਖਪੁਰਾ ਵਿਚ ਇਕ ਸਰਕਾਰੀ ਵੈਟਰਨਰੀ ਡਾਕਟਰ ਯਸ਼ਪਾਲ ਦੇ ਘਰ ਦੇ ਬਾਹਰ ਖੜ੍ਹੀ ਕਾਰ ਤੇ ਗੇਟ 'ਤੇ ਨਾਮਾਲੂਮ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ 'ਤੇ ਕਮਿਸ਼ਨਰੇਟ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਡਾਕਟਰ ਯਸ਼ਪਾਲ ਦੇ ਬਿਆਨ 'ਤੇ ਥਾਣਾ ਅੱਠ ਵਿਖੇ ਮਾਮਲਾ ਦਰਜ ਕਰ ਜਾਂਚ ਸੁਰੂ ਕੀਤੀ | ਉਨ੍ਹਾਂ ਦੱਸਿਆ ਕਿ ਡੀ. ਸੀ. ਪੀ. (ਇਨਵੈਸਟੀਗੇਸ਼ਨ) ਮਨਪ੍ਰੀਤ ਸਿੰਘ ਢਿੱਲੋਂ, ਏ. ਡੀ. ਸੀ. ਪੀ. (ਇਨਵੈਸਟੀਗੇਸ਼ਨ) ਜੇਅੰਤ ਪੁਰੀ ਤੇ ਸੀਨੀਅਰ ਅਫ਼ਸਰਾਂ ਦੀ ਅਗਵਾਈ ਵਿਚ ਏ. ਸੀ. ਪੀ. (ਡੀ) ਅਮਰਬੀਰ ਸਿੰਘ, ਏ. ਸੀ. ਪੀ. (ਨਾਰਥ) ਅਸ਼ੋਕ ਮੀਨਾ ਅਤੇ ਇੰਸਪੈਕਟਰ ਸਾਹਿਲ ਚੌਧਰੀ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 8 ਤੇ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ. ਆਈ. ਏ. ਸਟਾਫ਼ ਤੇ ਐਸ. ਆਈ. ਮਨਜਿੰਦਰ ਸਿੰਘ ਇੰਚਾਰਜ ਸਪੈਸ਼ਲ ਸੈੱਲ ਦੀਆਂ ਟੀਮਾਂ ਦਾ ਗਠਨ ਕਰਕੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ | ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਕਰਦਿਆਂ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਜਗਜੀਤ ਸਿੰਘ ਤੇ ਲਵਪ੍ਰੀਤ ਸਿੰਘ ਉਪਰੋਕਤਾਂ ਨੂੰ ਜੰਡਿਆਲਾ ਗੁਰੂ (ਅੰਮਿ੍ਤਸਰ) ਤੋਂ ਕਾਬੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 2 ਪਿਸਤੌਲ ਇਕ 30 ਅਤੇ ਇਕ 32 ਬੋਰ ਸਮੇਤ ਮੈਗਜ਼ੀਨ, 5 ਰੌਂਦ 32 ਬੋਰ, 1 ਰੌਂਦ 30 ਬੋਰ, 1 ਮੈਗਜ਼ੀਨ 30 ਬੋਰ ਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ (ਸਪਲੈਂਡਰ) ਅਤੇ ਵਾਰਦਾਤ ਦੌਰਾਨ ਪਹਿਨੇ ਹੋਏ ਕੱਪੜੇ ਬਰਾਮਦ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਦੋਸ਼ੀ ਜਗਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਇਕ ਮਾਮਲਾ ਥਾਣਾ ਸਦਰ ਤਰਨ ਤਾਰਨ ਵਿਖੇ ਦਰਜ ਹੈ |