ਜਲੰਧਰ, 5 ਮਾਰਚ (ਸ਼ਿਵ)- ਆਬਕਾਰੀ ਵਿਭਾਗ ਵਲੋਂ ਸਾਲ 2026-27 ਲਈ ਜਲੰਧਰ ਦੇ 21 ਸ਼ਰਾਬ ਗਰੁੱਪ ਦਾ ਕੰਮ ਅਲਾਟ ਕਰਨ ਲਈ ਅਰਜ਼ੀਆਂ ਲੈਣ ਦਾ ਕੰਮ 5 ਮਾਰਚ ਨੂੰ ਸ਼ੁਰੂ ਹੋ ਗਿਆ ਹੈ ਤੇ ਅਰਜ਼ੀਆਂ ਲੈਣ ਦਾ ਕੰਮ 13 ਮਾਰਚ ਤੱਕ ਹੋਵੇਗਾ | ਅੱਜ ਪਹਿਲੇ ਦਿਨ ਕਿਸੇ ਠੇਕੇਦਾਰ ਵਲੋਂ ਅਰਜ਼ੀਆਂ ਦੇਣ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਆਖ਼ਰੀ ਤਾਰੀਖ਼ਾਂ ਤੋਂ ਕੁੱਝ ਦਿਨ ਪਹਿਲਾਂ ਹੀ ਅਰਜ਼ੀਆਂ ਦਿੱਤੀਆਂ ਜਾਂਦੀਆਂ ਹਨ | 14 ਮਾਰਚ ਨੂੰ ਠੇਕੇ ਅਲਾਟ ਕਰਨ ਲਈ ਲਾਇਸੈਂਸਾਂ ਨੂੰ ਨਵਿਆਉਣ ਦਾ ਕੰਮ ਕੀਤਾ ਜਾਵੇਗਾ ਜਦਕਿ ਬਚੇ ਹੋਏ ਸ਼ਰਾਬ ਦੇ ਗਰੁੱਪਾਂ 15 ਮਾਰਚ ਤੋਂ ਈ-ਟੈਂਡਰ ਰਾਹੀਂ ਵੇਚਿਆ ਜਾਵੇਗਾ | ਜਲੰਧਰ ਜ਼ਿਲੇ੍ਹ ਦੇ 21 ਸ਼ਰਾਬ ਦੇ ਗਰੁੱਪ ਹਨ ਜਿਨਾਂ ਵਿਚ ਜਲੰਧਰ ਸ਼ਹਿਰੀ ਦੇ 13 ਅਤੇ ਪੇਂਡੂ ਹਲਕਿਆਂ ਦੇ 7 ਸ਼ਰਾਬ ਦੇ ਗਰੁੱਪ ਹਨ ਜਦਕਿ ਇਸ ਵਿੱਤੀ ਵਰੇ੍ਹ ਵਿਚ 650 ਦੇ ਕਰੀਬ ਸ਼ਰਾਬ ਠੇਕਿਆਂ ਦਾ ਕੰਮ 1000 ਕਰੋੜ ਦੇ ਕਰੀਬ ਅਲਾਟ ਕੀਤਾ ਜਾਣਾ ਹੈ | ਆਬਕਾਰੀ ਵਿਭਾਗ ਨੇ ਪਿਛਲੇ ਸਾਲ ਦੀ ਸ਼ਰਾਬ ਨੀਤੀ ਨੂੰ ਬਹਾਲ ਕਰਦੇ ਹੋਏ ਇਸ ਬਾਰ ਵੀ ਸ਼ਰਾਬ ਗਰੁੱਪਾਂ ਦੇ ਲਾਇਸੈਂਸਾਂ ਨੂੰ ਨਵਿਆ ਕੇ ਅਲਾਟ ਕਰਨੇ ਹਨ | ਉਧਰ ਨਵਾਂ ਸ਼ਰਾਬ ਦਾ ਕੰਮ 1 ਅਪ੍ਰੈਲ ਤੋਂ ਸ਼ੁਰੂ ਹੋਣਾ ਹੈ ਜਿਸ ਕਰਕੇ ਇਸ ਕਾਰੋਬਾਰ ਵਿਚ ਸਰਗਰਮੀ ਵਧ ਗਈ ਹੈ | ਜਿੱਥੇ ਵਿੱਤੀ ਵਰੇ੍ਹ ਦੇ ਆਖ਼ਰੀ ਦਿਨਾਂ ਵਿਚ ਸ਼ਰਾਬ ਦੇ ਸ਼ੌਕੀਨਾਂ ਦੀਆਂ ਮੌਜਾਂ ਲੱਗੀਆਂ ਹਨ ਕਿਉਂਕਿ ਸੂਤਰਾਂ ਦੀ ਮੰਨੀਏ ਤਾਂ ਨਾਜਾਇਜ ਸ਼ਰਾਬ ਦੀ ਵਿੱਕਰੀ ਕਰਨ ਵਾਲੇ ਲੋਕਾਂ ਨੇ ਸ਼ਰਾਬ ਦੀਆਂ ਕੀਮਤਾਂ ਕਾਫੀ ਘਟਾ ਦਿੱਤੀਆਂ ਹਨ | ਉਨਾਂ ਵਲੋਂ ਸ਼ਰਾਬ ਕਿੱਥੋਂ ਲਿਆਈ ਜਾਂਦੀ ਹੈ, ਇਹ ਵੀ ਭੇਤ ਬਣਿਆ ਹੋਇਆ ਹੈ ਪਰ ਇਸ ਤਰਾਂ ਦੇ ਲੋਕ ਸਰਗਰਮ ਹਨ | ਨਾਜਾਇਜ ਸ਼ਰਾਬ ਵੇਚਣ ਵਾਲਿਆਂ ਵਲੋਂ ਕੀਮਤਾਂ ਘਟਾਉਣ ਕਰਕੇ ਕਈ ਸ਼ੌਕੀਨਾਂ ਦੀਆਂ ਮੌਜਾਂ ਲੱਗ ਗਈਆਂ ਹਨ ਤੇ ਕਈਆਂ ਵਲੋਂ ਤਾਂ ਹੁਣ ਇਨ੍ਹਾਂ ਦਿਨਾਂ ਵਿਚ ਜ਼ਿਆਦਾ ਸਟਾਕ ਕਰ ਲਿਆ ਹੈ | ਉਧਰ ਆਬਕਾਰੀ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਵਿੱਤੀ ਵਰੇ੍ਹ ਦੇ ਆਖ਼ਰੀ ਦਿਨਾਂ ਵਿਚ ਤਾਂ ਹੁਣ ਸ਼ਰਾਬ ਦੇ ਕਾਰੋਬਾਰੀ ਖ਼ੁਸ਼ ਹਨ ਕਿਉਂਕਿ ਉਨਾਂ ਦੀ ਸ਼ਰਾਬ ਦੀ ਵਿੱਕਰੀ ਵਧ ਗਈ ਹੈ | ਆਬਕਾਰੀ ਵਿਭਾਗ ਦਾ ਕਹਿਣਾ ਸੀ ਕਿ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਆਬਕਾਰੀ ਵਿਭਾਗ ਵਲੋਂ ਖੁੱਲੇ੍ਹ ਕੋਟੇ 'ਤੇ ਕਾਫੀ ਸਖ਼ਤੀ ਕੀਤੀ ਗਈ ਸੀ |