ਜਲੰਧਰ, 6 ਮਾਰਚ (ਅ. ਬ.)-ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਵਿਚ ਉੱਚ ਪੱਧਰ ਦੀਆਂ ਸੇਵਾਵਾਂ ਨਿਭਾ ਰਹੀ ਸੰਸਥਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਵਲੋਂ ਪਿੰਡ ਗੁੜਾ ਵਿਖੇ ਅੱਖਾਂ ਤੇ ਹੋਰ ਬਿਮਾਰੀਆਂ ਦਾ ਵਿਸ਼ਾਲ ਮੁਫਤ ਮੈਡੀਕਲ ਕੈਂਪ ਲਗਾਇਆ | ਕੈਂਪ ਵਿਚ 500 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ 110 ਮਰੀਜ਼ਾਂ ਨੂੰ ਅੱਖਾਂ ਦੇ ਆਪ੍ਰੇਸ਼ਨਾਂ ਲਈ ਚੁਣਿਆ | ਸੰਸਥਾ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਦੀ ਅਗਵਾਈ ਹੇਠ ਇਲਾਕੇ ਵਿਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਹ ਨਵੇਕਲਾ ਉਪਰਾਲਾ ਕੀਤਾ | ਕੈਂਪ ਦਾ ਆਯੋਜਨ ਸੰਸਥਾ ਦੇ ਬਾਨੀ ਸੰਤ ਬਾਬਾ ਪੂਰਨ ਸਿੰਘ 'ਤੇ ਜਨਮ ਅਸਥਾਨ ਪਿੰਡ ਗੁੜਾ ਜ਼ਿਲ੍ਹਾ ਜਲੰਧਰ ਵਿਖੇ ਚਲਾਏ ਜਾ ਰਹੇ ਨਿਸ਼ਕਾਮ ਸਕੂਲ ਵਿਖੇ ਕੀਤਾ | ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਜਾਰਾ ਦੇ ਸਹਿਯੋਗ ਨਾਲ ਲਗਾਏ ਕੈਂਪ 'ਚ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ. ਵਰੁਣ ਸ਼ਰਮਾ ਐਮ. ਐਸ. ਦੀ ਅਗਵਾਈ ਵਿਚ ਡਾ. ਭਾਨੂ ਯਾਦਵ ਨੇ ਅੱਖਾਂ ਤੇ ਸਰੀਰ ਦੀਆਂ ਹੋਰ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਸਤੀਸ਼ ਆਨੰਦ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ, ਜਿਨ੍ਹਾਂ ਵਿਚ ਬਲੱਡ ਪ੍ਰੈੱਸ਼ਰ ਸ਼ੂਗਰ ਤੇ ਹੋਰ ਬਿਮਾਰੀਆਂ ਦੇ ਮਰੀਜ਼ਾਂ ਨੇ ਡਾਕਰਟੀ ਸਹੂਲਤਾਂ ਦਾ ਲਾਭ ਲਿਆ | ਮੈਡੀਕਲ ਕੈਂਪ ਦਾ ਉਦਘਾਟਨ ਜਥੇ ਦੇ ਮੈਂਬਰ ਸੁਖਦੇਵ ਸਿੰਘ ਤੇ ਹਰਦੇਵ ਸਿੰਘ ਦਿੱਲੀ ਵਾਲਿਆਂ ਨੇ ਕੀਤਾ | ਕੈਂਪ ਵਿਚ ਅੱਖਾਂ ਦੇ ਮਰੀਜ਼ਾਂ ਲਈ ਖਾਸ ਸਹੂਲਤ ਮੁਹੱਈਆ ਕਰਵਾਈ ਗਈ, ਜਿਸ ਤਹਿਤ 110 ਤੋਂ ਦੀ ਕਰੀਬ ਮਰੀਜ਼ਾਂ ਦੇ ਅੱਖਾਂ ਦੇ ਮੋਤੀਏ ਦੇ ਓਪਰੇਸ਼ਨ ਲੈਂਜ਼ ਪਾ ਕੇ ਕੀਤੇ ਜਾਣਗੇ | ਕੈਂਪ ਵਿਚ ਆਏ ਹੋਏ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਅਤੇ 145 ਮਰੀਜ਼ਾਂ ਨੂੰ ਪੜ੍ਹਨ ਵਾਲੀਆਂ ਐਨਕਾਂ ਵੀ ਮੁਹੱਈਆ ਕਰਵਾਈਆਂ ਗਈਆਂ ਅਤੇ 400 ਤੋਂ ਵੱਧ ਮਰੀਜ਼ਾਂ ਦੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਟੈਸਟ ਵੀ ਕੀਤੇ ਗਏ | ਇਸ ਮੌਕੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੇ ਪ੍ਰਬੰਧਕ ਤੇ ਕੋਆਰਡੀਨੇਟਰ ਭਾਈ ਇੰਦਰਜੀਤ ਸਿੰਘ, ਡਾ. ਜਸਵੰਤ ਸਿੰਘ ਸੋਹਲ, ਪਰਮਿੰਦਰ ਸਿੰਘ ਯੂ. ਕੇ. ਸੀਤਲ ਸਿੰਘ ਮਾਨ, ਸੋਮਾ ਸਿੰਘ, ਪਿੰਸੀਪਲ ਪਰਸ਼ੋਤਮ ਲਾਲ, ਗੁਰਨਾਮ ਸਿੰਘ ਤੇ ਰਘਬੀਰ ਸਿੰਘ ਪ੍ਰਬੰਧਕ ਗੁਰੂੁ ਨਾਨਾਕ ਮਿਸ਼ਨ ਹਸਪਤਾਲ ਹਾਜ਼ਰ ਸਨ |