ਜਲੰਧਰ, 9 ਮਾਰਚ (ਸ਼ਿਵ)-ਡਾ. ਅੰਬੇਡਕਰ ਚੌਕ ਤੋਂ ਲੈ ਕੇ ਕਪੂਰਥਲਾ ਚੌਕ ਤੱਕ ਮਹਾਂਵੀਰ ਮਾਰਗ ਬਣਨ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਮੇਅਰ ਵਨੀਤ ਧੀਰ ਨੇ ਅੱਜ ਬਿਲਡਿੰਗ ਵਿਭਾਗ ਦੀ ਐਡਹਾਕ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਲਾਡਾ ਤੇ ਨਿਗਮ ਅਫ਼ਸਰਾਂ ਦੇ ਨਾਲ ਬਣ ਰਹੀ ਸੜਕ ਦਾ ਮੌਕਾ ਦੇਖਿਆ ਤਾਂ ਇਸ 'ਚ ਕਈ ਦੱਬੇ ਹੋਏ ਮੈਨਹੋਲਾਂ ਦਾ ਪਤਾ ਲੱਗਾ ਹੈ | ਠੇਕੇਦਾਰਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਇਸ ਜਗਾਂ 'ਤੇ ਸੜਕਾਂ ਦੀ ਪਰਤ ਤਾਂ ਵਿਛਾਈ ਜਾਂਦੀ ਰਹੀ ਸੀ ਪਰ ਮੈਨਹੋਲਾਂ ਨੂੰ ਉੱਚਾ ਨਹੀਂ ਕੀਤਾ ਗਿਆ | ਮੇਅਰ ਵਨੀਤ ਧੀਰ ਨੇ ਅੱਜ ਆਪਣੀ ਹਾਜ਼ਰੀ 'ਚ ਮੇਨਹੋਲਾਂ ਬਾਰੇ ਸੜਕ ਦੀ ਪੁਟਾਈ ਕਰਵਾਈ ਤਾਂ ਸਾਹਮਣੇ ਆਇਆ ਕਿ ਕਈ ਮੇਨਹੋਲ ਦੱਬੇ ਹੋਏ ਸਨ | ਮੇਅਰ ਵਨੀਤ ਧੀਰ ਦਾ ਕਹਿਣਾ ਸੀ ਕਿ ਕਈ ਮੈਨਹੋਲਾਂ ਕਈ ਸਾਲਾਂ ਤੋਂ ਦੱਬੇ ਹੋਏ ਸਨ ਜਦਕਿ ਸੜਕ ਨਿਰਮਾਣ ਦੌਰਾਨ ਉਨ੍ਹਾਂ ਨੂੰ ਸਮੇਂ-ਸਮੇਂ ਸਿਰ ਉੱਚਾ ਕਰਨਾ ਹੰੁਦਾ ਹੈ | ਉਨ੍ਹਾਂ ਨੇ ਅੱਜ ਨਿਗਮ ਸਟਾਫ਼ ਤੇ ਠੇਕੇਦਾਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਹਨ ਕਿ ਜਿਹੜੇ ਮੈਨਹੋਲ ਦੱਬੇ ਹੋਏ ਸੀ, ਉਨਾਂ ਨੂੰ ਉੱਚਾ ਕਰਵਾਇਆ ਜਾਵੇ | ਉਨ੍ਹਾਂ ਦੱਸਿਆ ਕਿ ਮੈਨਹੋਲਾਂ ਦੇ ਲੱਭਣ ਨਾਲ ਸੀਵਰਾਂ ਦੀ ਸਫ਼ਾਈ ਕਰਵਾਉਣੀ ਆਸਾਨ ਹੋਵੇਗੀ ਕਿਉਂਕਿ ਪਹਿਲਾਂ ਮੈਨਹੋਲਾਂ ਦੇ ਸੜਕ ਦੇ ਹੇਠਾਂ ਦੱਬਣ ਕਰਕੇ ਸੁਪਰ ਸੰਕਸ਼ਨ ਮਸ਼ੀਨ ਨਾਲ ਸਫ਼ਾਈ ਕਰਵਾਉਣੀ ਔਖੀ ਹੁੰਦੀ ਸੀ | ਮੇਅਰ ਦੀ ਅਗਵਾਈ 'ਚ ਮੌਕੇ 'ਤੇ ਚੱਲ ਰਹੀ ਨਿਰਮਾਣ ਪ੍ਰਕਿਰਿਆ ਦਾ ਨਿਰੀਖਣ ਕੀਤਾ ਅਤੇ ਸੜਕ ਨਿਰਮਾਣ ਲਈ ਵਰਤੇ ਜਾ ਰਹੇ ਮਾਲ ਦੀ ਵੀ ਜਾਂਚ ਕੀਤੀ ਗਈ | ਮੌਕੇ 'ਤੇ ਮੌਜੂਦ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਮੇਅਰ ਵਨੀਤ ਧੀਰ ਨੇ ਹਦਾਇਤ ਦਿੱਤੀ ਕਿ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ ਤੇ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ | ਉਨ੍ਹਾਂ ਨੇ ਸੰਬੰਧਿਤ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਨਿਰਮਾਣ ਦੌਰਾਨ ਯੋਗ ਸੁਰੱਖਿਆ ਪ੍ਰਬੰਧ ਤੇ ਟ੍ਰੈਫਿਕ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਘੱਟ ਤੋਂ ਘੱਟ ਪੇ੍ਰਸ਼ਾਨੀ ਹੋਵੇ |