ਕਰਤਾਰਪੁਰ, 10 ਮਾਰਚ (ਜਨਕ ਰਾਜ ਗਿੱਲ)-ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੇ ਨਿਰਦੇਸ਼ਾਂ ਤਹਿਤ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਿਰਨ ਕੌਂਸਲ ਦੀ ਅਗਵਾਈ ਹੇਠ ਸੀ. ਐੱਚ. ਸੀ. ਕਰਤਾਰਪੁਰ ਵਿਖੇ ਐੱਚ. ਪੀ. ਵੀ. ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਡਾ. ਹਰਪ੍ਰੀਤ ਸਿੰਘ, ਡਾ. ਦਿਗਵਿਜੇ, ਐੱਲ. ਐਚ. ਵੀ. ਇੰਦਰਾ, ਏ. ਐਨ. ਐਮ. ਸੁਨੀਤਾ ਦੇਵੀ ਮੌਜੂਦ ਸਨ | ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਨ ਕੌਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਵਾਈਕਲ ਕੈਂਸਰ ਮਨੁੱਖੀ ਪੈਪੀਲੋਮਾਵਾਇਰਸ ਦੇ ਲਗਾਤਾਰ ਇਨਫੈਕਸ਼ਨ ਕਾਰਨ ਹੁੰਦਾ ਹੈ | ਇਸ 90 ਦਿਨਾਂ ਮੁਹਿੰਮ ਦੌਰਾਨ ਟੀਕਾਕਰਨ ਲਈ 14 ਸਾਲ ਦੀ ਉਮਰ ਦੀਆਂ ਲੜਕੀਆਂ ਯੋਗ ਹੋਣਗੀਆਂ ਅਤੇ ਮੁਹਿੰਮ ਦੀ ਸ਼ੁਰੂਆਤ ਤੋਂ 90 ਦਿਨਾਂ ਦੇ ਅੰਦਰ 15 ਸਾਲ ਦੀਆਂ ਹੋਣ ਵਾਲੀਆਂ ਲੜਕੀਆਂ ਵੀ ਇਸ ਤਿੰਨ ਮਹੀਨਿਆਂ ਦੀ ਤੀਬਰ ਮੁਹਿੰਮ ਲਈ ਯੋਗ ਹੋਣਗੀਆਂ | ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸੀ. ਐੱਚ. ਸੀ. ਕਰਤਾਰਪੁਰ ਵਿਖੇ ਵੈਕਸੀਨ ਲੱਗੇਗੀ |