ਆਦਮਪੁਰ, 11 ਮਾਰਚ (ਹਰਪ੍ਰੀਤ ਸਿੰਘ)-ਪਿਛਲੇ 10 ਸਾਲਾਂ ਤੋਂ ਲਟਕਦੇ ਆਦਮਪੁਰ ਦੇ ਪੁਲ ਤੇ ਹੁਸ਼ਿਆਰਪੁਰ ਤੱਕ ਜਾਂਦੀ ਸੜਕ ਦਾ ਮਾਮਲਾ ਸਰਕਾਰ ਦੇ ਸਾਹਮਣੇ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਆਪਣੀ ਜ਼ਿੰਮੇਵਾਰੀ ਨਿਭਾਉਦਿਆਂ ਪੰਜਾਬ ਦੀ ਵਿਧਾਨ ਸਭਾ 'ਚ ਜ਼ੋਰਦਾਰ ਢੰਗ ਨਾਲ ਉਠਾਇਆ | ਵਿਧਾਇਕ ਕੋਟਲੀ ਨੇ ਵਿਧਾਨ ਸਭਾ 'ਚ ਕਿਹਾ ਕਿ 2016 ਵਿੱਚ ਇਹ ਕੰਮ ਸ਼ੁਰੂ ਹੋਇਆ ਸੀ ਪਰ ਹਾਲੇ ਤੱਕ ਪੂਰਾ ਨਹੀਂ ਹੋਇਆ, ਕਿਉਂ ਨਹੀਂ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ, ਉਨ੍ਹਾਂ ਹਾਊਸ ਨੂੰ ਦੱਸਿਆ ਕਿ ਆਦਮਪੁਰ ਤੇ ਇੱਥੋਂ ਲੰਘਣ ਵਾਲੇ ਲੋਕ ਸੰਤਾਪ ਭੋਗ ਰਹੇ ਹਨ, ਵਿਧਾਇਕ ਕੋਟਲੀ ਨੇ ਪਹਿਲਾਂ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਸੀ ਤੇ ਵਿਧਾਨ ਸਭਾ 'ਚ ਮੁੱਦਾ ਉਠਾਇਆ ਤੇ ਧਰਨੇ ਵੀ ਲਾਏ ਤਾਂ ਸ਼ਹਿਰ ਵਿੱਚ ਸੜਕ ਦਾ ਕੰਮ ਹੋਇਆ ਸੀ ਪਰ ਪੁੱਲ ਦਾ ਕੰਮ ਅਧੂਰਾ ਹੀ ਰਿਹਾ, ਲੋਕ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਵੀ ਵੋਟਾਂ ਲੈਣ ਆਏ ਭਰੋਸੇ ਨਾਲ ਹੀ ਸਾਰ ਗਏ | ਅੱਜ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਵਿਧਾਨ ਸਭਾ ਵਿੱਚ ਮਹਿਕਮੇ ਦੇ ਮੰਤਰੀ ਹਰਭਜਨ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਪੁੱਲ ਤੇ ਸੜਕ ਦਾ ਕੰਮ ਜੂਨ ਮਹੀਨੇ ਵਿੱਚ ਸ਼ੁਰੂ ਹੋਵੇਗਾ ਤਾਂ ਵਿਧਾਇਕ ਕੋਟਲੀ ਨੇ ਮੰਤਰੀ ਦੇ ਇਸ ਭਰੋਸੇ ਅਤੇ ਗੰਭੀਰ ਮੁੱਦੇ ਤੇ ਬੋਲਣ ਲਈ ਸਮਾਂ ਦੇਣ ਲਈ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਧੰਨਵਾਦ ਕੀਤਾ |