ਜਲੰਧਰ, 11 ਮਾਰਚ (ਸ਼ਿਵ)- ਟਾਂਡਾ ਫਾਟਕ 'ਤੇ ਟ੍ਰੈਫਿਕ ਸਮੱਸਿਆ ਨੂੰ ਖ਼ਤਮ ਕਰਨ ਲਈ ਆਰ. ਯੂ. ਬੀ. ਦਾ ਮੁੱਦਾ ਇਕ ਬਾਰ ਫਿਰ ਵਿਧਾਨ ਸਭਾ ਵਿਚ ਉੱਠਿਆ ਹੈ | ਉੱਤਰੀ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਨੇ ਵਿਧਾਨ ਸਭਾ ਵਿਚ ਟਾਂਡਾ ਫਾਟਕ 'ਤੇ ਆਰ. ਯੂ. ਬੀ. ਬਣਾਉਣ ਦਾ ਮੁੱਦਾ ਉਠਾਉਂਦੇ ਹੋਏ ਲੋਕ ਨਿਰਮਾਣ ਵਿਭਾਗ ਮੰਤਰੀ ਤੋਂ ਇਸ ਬਾਰੇ ਜਾਣਕਾਰੀ ਮੰਗੀ ਹੈ ਕਿ ਜੇਕਰ ਪੰਜਾਬ ਸਰਕਾਰ ਕੋਲ ਇਹ ਆਰ. ਯੂ. ਬੀ. ਬਣਾਉਣ ਬਾਰੇ ਕੋਈ ਯੋਜਨਾ ਹੈ ਤਾਂ ਉਸ ਬਾਰੇ ਜਾਣਕਾਰੀ ਦਿੱਤੀ ਜਾਵੇ | ਸ੍ਰੀ ਹੈਨਰੀ ਨੇ ਜਲੰਧਰ ਜ਼ਿਲੇ੍ਹ ਦੇ ਸਾਹਨੇਵਾਲ -ਜਲੰਧਰ-ਅੰਮਿ੍ਤਸਰ ਲਾਈਨ 'ਤੇ ਸਥਿਤ ਇਸ ਫਾਟਕ ਦੀ ਲੈਵਲ ਕਰਾਸਿੰਗ ਗਿਣਤੀ ਐੱਸ. 63/ਈ-3 'ਤੇ ਰੇਲਵੇ ਅੰਡਰ ਬਿ੍ਜ ਦੇ ਨਿਰਮਾਣ ਦਾ ਕੋਈ ਤਜਵੀਜ਼ ਹੈ ਤਾਂ ਇਸ ਪ੍ਰਾਜੈਕਟ ਦੀ ਮੌਜੂਦਾ ਸਥਿਤੀ ਕਿ ਹੈ | ਇਸ ਬਾਰੇ ਲੋਕ ਨਿਰਮਾਣ ਅਤੇ ਸੜਕੀ ਆਵਾਜਾਈ ਮੰਤਰੀ ਨੇ ਵਿਧਾਇਕ ਵਲੋਂ ਕੀਤੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਜਲੰਧਰ ਜ਼ਿਲੇ੍ਹ ਦੇ ਟਾਂਡਾ ਫਾਟਕ 'ਤੇ ਲੈਵਲ ਕਰਾਸਿੰਗ 'ਤੇ ਰੇਲਵੇ ਅੰਡਰ ਬਿ੍ਜ ਦੇ ਨਿਰਮਾਣ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ | ਇਸ ਕੰਮ ਲਈ ਪ੍ਰਸ਼ਾਸਨਿਕ ਮਨਜੂਰੀ ਰਸੀਦ ਗਿਣਤੀ ਪੀ. ਆਈ. ਡੀ. ਬੀ. /ਪ੍ਰਾਜੈਕਟ/ਜੀ. ਐਮ. (ਐਫ. ਐਂਡ. ਪੀ.) 2021/2394 ਤਾਰੀਖ਼ 11 ਮਾਰਚ 2021 ਰਾਹੀਂ 13.06 ਕਰੋੜ ਦੀ ਰਕਮ ਪ੍ਰਾਪਤ ਹੋਈ ਸੀ | ਜਿਸ ਵਿਚ ਰੇਲਵੇ ਦੇ ਹਿੱਸੇ ਦੇ ਕੰਮ ਲਈ 2.22 ਕਰੋੜ ਰੁਪਏ ਸ਼ਾਮਿਲ ਸੀ | ਪੰਜਾਬ ਲੋਕ ਨਿਰਮਾਣ ਵਿਭਾਗ ਚੰਡੀਗੜ੍ਹ ਦੇ ਪ੍ਰਮੁੱਖ ਸਕੱਤਰ ਨੇ ਇਸ ਖ਼ਰਚੇ ਲਈ 50-50ਹਿੱਸੇ ਲਈ ਸਹਿਮਤੀ ਦਿੱਤੀ ਤੇ ਰੇਲਵੇ ਵਿਭਾਗ ਤੋਂ ਇਸ ਕੰਮ ਲਈ ਰੇਲਵੇ ਦੇ ਕਈ ਪ੍ਰੋਗਰਾਮ ਵਿਚ ਸ਼ਾਮਿਲ ਕਰਨ ਦੀ ਅਪੀਲ ਕੀਤੀ ਸੀ | ਰੇਲ ਵਿਭਾਗ ਨੇ ਸਾਲ 2025-26 ਦੇ ਕੰਮ ਪ੍ਰੋਗਰਾਮ ਵਿਚ ਇਸ ਕੰਮ ਨੂੰ ਸ਼ਾਮਿਲ ਕਰਨ ਲਈ ਯੋਜਨਾ ਅਤੇ ਸਰਵੇਖਣ ਦੀ ਫ਼ੀਸ ਦੇ ਰੂਪ ਵਿਚ 21,24034 ਰੁਪਏ ਜਮਾਂ ਕਰਵਾਉਣ ਦੀ ਬੇਨਤੀ ਕੀਤੀ ਹੈ | ਰੇਲ ਵਿਭਾਗ ਨੇ ਪੱਤਰ ਨੰਬਰ 635/ਡਬਲਿਊ/02/25/ਜੇ. ਯੂ. ਸੀ. ਤਾਰੀਖ਼ 26 ਨਵੰਬਰ 2025 ਦੇ ਰਾਹੀਂ ਇਸ ਪ੍ਰਾਜੈਕਟ ਦੀ ਮਨਜੂਰੀ ਰਕਮ 10,65,54, 155 ਰੁਪਏ ਵਿਚੋਂ 5,32, 77,078 ਰੁਪਏ ਜਮਾਂ ਕਰਵਾਉਣ ਦੀ ਬੇਨਤੀ ਕੀਤੀ ਹੈ | ਰੇਲ ਵਿਭਾਗ ਵਲੋਂ ਮੰਗੇ ਗਏ ਪ੍ਰਾਜੈਕਟ ਅਤੇ ਸਰਵੇਖਣ ਫ਼ੀਸ ਜਲਦੀ ਹੀ ਜਮਾਂ ਕਰਵਾ ਦਿੱਤੇ ਜਾਣਗੇ ਤੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ | ਸ੍ਰੀ ਬਾਵਾ ਹੈਨਰੀ ਨੇ ਬਾਅਦ ਵਿਚ ਦੱਸਿਆ ਕਿ ਮੰਤਰੀ ਹੁਰਾਂ ਵਲੋਂ ਭਰੋਸਾ ਦਿੱਤਾ ਗਿਆ ਕਿ ਇਸ ਵਰੇ੍ਹ ਵਿਚ ਕੰਮ ਲਈ ਟੈਂਡਰ ਲੱਗਣ ਦੀ ਸੰਭਾਵਨਾ ਹੈ | ਵਿਧਾਨ ਸਭਾ ਵਿਚ ਬਾਵਾ ਹੈਨਰੀ ਵਲੋਂ ਬਰਲਟਨ ਪਾਰਕ ਵਿਚ 78 ਕਰੋੜ ਦੀ ਲਾਗਤ ਨਾਲ ਬਣ ਰਹੇ ਸਪੋਰਟਸ ਹੱਬ ਦੀ ਉਸਾਰੀ ਬਾਰੇ ਸਵਾਲ ਕੀਤਾ ਗਿਆ ਤਾਂ ਵਿਭਾਗੀ ਮੰਤਰੀ ਵਲੋਂ ਜਾਣਕਾਰੀ ਦਿੱਤੀ ਗਈ ਕਿ ਉਕਤ ਉਸਾਰੀ ਦਾ ਕੰਮ ਚਲ ਰਿਹਾ ਹੈ ਤੇ ਉਨ੍ਹਾਂ ਵਲੋਂ ਸਮੇਂ-ਸਮੇਂ 'ਤੇ ਜਾਰੀ ਕੀਤੇ ਜਾ ਰਹੇ ਫੰਡਾਂ ਬਾਰੇ ਵੀ ਜਾਣਕਾਰੀ ਦਿੱਤੀ |