ਜਲੰਧਰ, 11 ਮਾਰਚ (ਸ਼ੈਲੀ)-ਜਲੰਧਰ ਦੇ ਗਾਂਧੀ ਕੈਂਪ ਨੇੜੇ ਪੈਂਦੇ ਐਫ.ਸੀ.ਆਈ ਗੁਦਾਮ ਦੇ ਪਿਛਲੀ ਕੰਧ ਰੇਲਵੇ ਲਾਈਨਾਂ ਦੇ ਨੇੜੇ ਝਾੜੀਆਂ 'ਚੋਂ ਭੇਦਭਰੇ ਹਾਲਾਤਾਂ 'ਚ ਨੌਜਵਾਨ ਲੀ ਲਾਸ਼ ਮਿਲਣ 'ਤੇ ਇਲਾਕੇ ਵਿਚ ਸਨਸਨੀ ਫੈਲ ਗਈ | ਹਾਲਾਂਕਿ, ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ | ਮਿ੍ਤਕ ਦੀ ਪਛਾਣ ਸ਼ਿਵਮ ਉਰਫ਼ ਸ਼ਿਬੂ ਪੁੱਤਰ ਅਸ਼ੋਕ ਕੁਮਾਰ, ਵਾਸੀ ਈਦਗਾਹ ਮੁਹੱਲਾ, ਗੜ੍ਹਾ, ਜਲੰਧਰ ਵਜੋਂ ਹੋਈ ਹੈ | ਲਾਸ਼ ਮਿਲਣ 'ਤੇ, ਲੋਕਾਂ ਨੇ ਥਾਣਾ 2 ਦੀ ਪੁਲਿਸ ਨੂੰ ਸੂਚਿਤ ਕੀਤਾ ਜਿਸ 'ਤੇ ਮੌਕੇ 'ਤੇ ਹੀ ਥਾਣਾ ਦੇ ਮੁਖੀ ਜਸਵਿੰਦਰ ਸਿੰਘ ਪੁਲਿਸ ਟੀਮ ਸਮੇਤ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ | ਮੌਕੇ 'ਤੇ ਪਹੁੰਚੀ ਪੁਲਿਸ ਨੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਕੇ ਉਨ੍ਹਾਂ ਨੂੰ ਸੂਚਿਤ ਕੀਤਾ ਜਿਸ 'ਤੇ ਮਿ੍ਤਕ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਰਚਰੀ ਵਿਚ ਰਖਵਾਇਆ | ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੋਰਟਰੀ ਵਿੱਚ ਰੱਖਿਆ ਗਿਆ ਹੈ ਅਤੇ ਫਿਲਹਾਲ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ |