ਜਲੰਧਰ, 11 ਮਾਰਚ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀ ਕਾਰਜਕਾਰਨੀ ਦੀ ਇਕ ਅਹਿਮ ਮੀਟਿੰਗ 14 ਮਾਰਚ ਨੂੰ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਹੀ ਕਲੱਬ ਅੰਦਰ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਕਿਹਾ ਜਾ ਰਿਹਾ ਹੈ ਕਿ ਕਾਰਜਕਾਰਨੀ ਦੀ ਮੀਟਿੰਗ 'ਚ ਕਲੱਬ ਦੇ ਪ੍ਰਧਾਨ-ਕਮ-ਡਵੀਜ਼ਨਲ ਕਮਿਸ਼ਨਰ ਚੋਣਾਂ ਦਾ ਐਲਾਨ ਕਰ ਸਕਦੇ ਹਨ ਤੇ ਇਹ ਚੋਣਾਂ 12 ਤੋਂ ਲੈ ਕੇ 19 ਅਪ੍ਰੈਲ ਦੇ ਵਿਚਕਾਰ ਕਿਸੇ ਵੀ ਦਿਨ ਕਰਵਾਈਆਂ ਜਾ ਸਕਦੀਆਂ ਹਨ | ਹਾਲਾਂਕਿ ਅਜੇ ਚੋਣਾਂ ਦਾ ਐਲਾਨ ਵੀ ਨਹੀਂ ਹੋਇਆ ਪਰ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਹੁਣ ਤੋਂ ਹੀ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ, ਜਿਸ ਕਾਰਨ ਕਲੱਬ ਦੀਆਂ ਚੋਣਾਂ ਦਾ ਮਾਹੌਲ ਪਹਿਲਾਂ ਹੀ ਭਖ ਗਿਆ ਹੈ | ਇੱਥੇ ਦੱਸਣਯੋਗ ਹੈ ਕਿ ਕਲੱਬ ਦੇ ਮੌਜੂਦਾ ਪ੍ਰਧਾਨ ਸੰਦੀਪ ਬਹਿਲ ਦੋ ਵਾਰ ਕਲੱਬ ਦੇ ਸੈਕਟਰੀ ਰਹਿ ਚੁੱਕੇ ਹਨ ਤੇ ਕਲੱਬ ਦੇ ਨਿਯਮਾਂ ਮੁਤਾਬਿਕ ਉਹ ਤੀਸਰੀ ਵਾਰ ਕਲੱਬ ਸੈਕਟਰੀ ਦੀ ਚੋਣ ਨਹੀਂ ਲੜ ਸਕਦੇ ਤੇ ਉਹ ਇਕ ਤਰ੍ਹਾਂ ਨਾਲ ਸੈਕਟਰੀ ਦੀ ਦੌੜ 'ਚੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ | ਓਧਰ ਕਲੱਬ ਦੇ ਸੈਕਟਰੀ ਦੇ ਅਹੁਦੇ ਦੀ ਚੋਣ ਲਈ ਮੌਜੂਦਾ ਜੂਨੀਅਰ ਮੀਤ ਪ੍ਰਧਾਨ ਅਮਿਤ ਕੁਕਰੇਜਾ ਵਲੋਂ ਚੋਣ ਲੜਨ ਦਾ ਲਗਭਗ ਫੈਸਲਾ ਕਰ ਲਿਆ ਗਿਆ ਹੈ | ਹਾਲਾਂਕਿ ਉਨ੍ਹਾਂ ਦੇ ਮੁਕਾਬਲੇ 'ਤੇ ਤਰੁਣ ਸਿੱਕਾ, ਪ੍ਰੋ. ਵਿਪਿਨ ਝਾਂਜੀ, ਐਸ. ਪੀ. ਐਸ. ਰਾਜੂ ਵਿਰਕ ਤੇ ਕਈ ਹੋਰ ਉਮੀਦਵਾਰਾਂ ਵਲੋਂ ਵੀ ਚੋਣ ਲੜੇ ਜਾਣ ਦੀ ਚਰਚਾ ਨਾਲ ਇਹ ਚੋਣਾਂ ਕਾਫੀ ਦਿਲਚਸਪ ਹੋਣ ਦੀ ਸੰਭਾਵਨਾ ਹੈ | ਇਸ ਤੋਂ ਇਲਾਵਾ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਅਨੂੰ ਮਾਟਾ ਦੇ ਮੁੜ ਚੋਣ ਮੈਦਾਨ 'ਚ ਉਤਰਨ ਦੀ ਪੂਰੀ ਸੰਭਾਵਨਾ ਹੈ ਤੇ ਉਨ੍ਹਾਂ ਦੇ ਮੁਕਾਬਲੇ ਹਰਪ੍ਰੀਤ ਸਿੰਘ ਗੋਲਡੀ ਵਲੋਂ ਚੋਣ ਲੜੇ ਜਾਣ ਦੀ ਚਰਚਾ ਹੈ | ਇਸੇ ਤਰ੍ਹਾਂ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਮਹਿੰਦਰ ਸਿੰਘ ਤੇ ਸੁਮਿਤ ਸ਼ਰਮਾ ਦੇ ਵਿਚਾਕਰ ਮੁਕਾਬਲਾ ਹੋ ਸਕਦਾ ਹੈ | ਖਜ਼ਾਨਚੀ ਦੇ ਅਹੁਦੇ ਲਈ ਸੌਰਭ ਖੁੱਲ੍ਹਰ ਮੁੜ ਚੋਣ ਲੜ ਸਕਦੇ ਹਨ, ਜਦਕਿ ਉਨ੍ਹਾਂ ਦੇ ਮੁਕਾਬਲੇ ਅਜੇ ਕੋਈ ਵੀ ਉਮੀਦਵਾਰ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ | ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਮਖਾਨਾ ਕਲੱਬ ਦੀਆਂ ਚੋਣਾਂ ਆਮ ਤੌਰ 'ਤੇ ਪ੍ਰੋਗਰੈਸਿਵ ਤੇ ਅਚੀਵਰਜ਼ ਗਰੁੱਪਾਂ ਵਿਚਾਲੇ ਹੀ ਮੁਕਾਬਲਾ ਹੁੰਦਾ ਹੈ ਪਰ ਫਿਲਹਾਲ ਦੋਵੇਂ ਗਰੁੱਪਾਂ ਵਲੋਂ ਆਪੋ-ਆਪਣੇ ਉਮੀਦਵਾਰਾਂ ਦੇ ਨਾਂਵਾਂ 'ਤੇ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ | ਹਾਲਾਂਕਿ ਸੈਕਟਰੀ ਦੇ ਅਹੁਦੇ ਲਈ ਅਮਿਤ ਕੁਕਰੇਜਾ ਵਲੋਂ ਚੋਣ ਲੜਨੀ ਲਗਭਗ ਤੈਅ ਸਮਝੀ ਜਾ ਰਹੀ ਹੈ ਤੇ ਜੇਕਰ ਉਹ ਚੋਣ ਲੜਦੇ ਹਨ ਤਾਂ ਉਨ੍ਹਾਂ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ | ਕਿਉਂਕਿ ਉਨ੍ਹਾਂ ਕੋਲ ਜਿੱਥੇ ਚੋਣਾਂ ਲੜਨ ਦਾ ਲੰਬਾ ਤਜ਼ਰਬਾ ਹੈ, ਉੱਥੇ ਉਨਾਂ ਦਾ ਕਲੱਬ ਦੇ ਅੰਦਰ ਤੇ ਬਾਹਰ ਕਾਫੀ ਅਸਰ ਰਸੂਖ ਹੈ ਤੇ ਕਾਫੀ ਕਲੱਬ ਮੈਂਬਰ ਉਨ੍ਹਾਂ ਦੇ ਕੰਮ-ਕਰਨ ਦੇ ਢੰਗ ਤਰੀਕਿਆਂ ਤੋਂ ਵੀ ਕਾਫੀ ਪ੍ਰਭਾਵਿਤ ਹਨ | ਉਨ੍ਹਾਂ ਦਾ ਸਾਫ ਸੁਥਰਾ ਅਕਸ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਰਣਨੀਤੀ ਉਨ੍ਹਾਂ ਦੀ ਜਿੱਤ ਦਾ ਆਧਾਰ ਬਣ ਸਕਦੀ ਹੈ |