ਜਲੰਧਰ, 27 ਮਾਰਚ (ਐੱਮ. ਐੱਸ. ਲੋਹੀਆ)-ਜ਼ਿਲ੍ਹੇ ਦੇ ਸਿਵਲ ਹਸਪਤਾਲ 'ਚ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ 'ਤੇ ਸਵਾਲ ਚੁੱਕਦੇ ਹੋਏ ਸਮਾਜ ਸੇਵਕ ਅਤੇ ਰਾਜਨੀਤਿਕ ਆਗੂ ਅੰਗਦ ਦੱਤਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਬਿਹਤਰ ਸਿਹਤ ਸੇਵਾਵਾਂ ਦੇ ਦਾਅਵਿਆਂ ਪਿੱਛੇ ਅਸਲ ਸੱਚਾਈ ਕੁਝ ਹੋਰ ਹੀ ਹੈ | ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਸੇਵਾਵਾਂ ਦੇਣ ਵਾਲੇ ਸਟਾਫ਼ ਦੀ ਗੰਭੀਰ ਲਾਪ੍ਰਵਾਹੀ ਸਾਹਮਣੇ ਆਈ ਹੈ | ਇਸ ਸੰਬੰਧੀ ਮੁੱਖ ਮੰਤਰੀ ਤੇ ਹੋਰ ਵਿਭਾਗਾਂ ਦੇ ਮੁਖੀਆਂ ਨੂੰ ਦਿੱਤੀ ਸ਼ਿਕਾਇਤ 'ਚ ਅੰਗਦ ਦੱਤਾ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਹਸਪਤਾਲ ਦੇ ਸਟਾਫ਼ ਦੀ ਲਾਪ੍ਰਵਾਹੀ ਦੇ ਸਬੂਤ ਮੌਜੂਦ ਹਨ | ਉਸ ਵਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ, 26 ਮਾਰਚ ਦੀ ਰਾਤ ਲਗਪਗ 10 ਵਜੇ ਦੋ ਗੰਭੀਰ ਘਟਨਾਵਾਂ ਦੇਖੀਆਂ ਗਈਆਂ | ਪਹਿਲੀ ਘਟਨਾ 'ਚ ਇਕ ਗੰਭੀਰ ਮਰੀਜ਼ ਹਸਪਤਾਲ ਪਹੁੰਚਿਆ ਪਰ ਕੋਈ ਵੀ ਡਾਕਟਰ ਜਾਂ ਸਟਾਫ਼ ਮਦਦ ਲਈ ਅੱਗੇ ਨਹੀਂ ਆਇਆ | ਮਰੀਜ਼ ਦੇ ਨਾਲ ਆਏ ਵਿਅਕਤੀ ਨੂੰ ਖੁਦ ਹੀ ਵ੍ਹੀਲਚੇਅਰ ਲਿਆ ਕੇ ਮਰੀਜ਼ ਨੂੰ ਐਮਰਜੈਂਸੀ ਵਾਰਡ ਤੱਕ ਲਿਜਾਣਾ ਪਿਆ | ਉਨ੍ਹਾਂ ਵਲੋਂ ਇਸ ਨੂੰ ਐਮਰਜੈਂਸੀ ਸਿਸਟਮ ਦੀ ਨਾਕਾਮੀ ਦੱਸਿਆ ਜਾ ਰਿਹਾ ਹੈ | ਦੂਜੀ ਘਟਨਾ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਕ ਐਂਬੂਲੈਂਸ ਨੂੰ ਗ਼ਲਤ ਪਾਰਕਿੰਗ ਕਾਰਨ ਐਮਰਜੈਂਸੀ ਗੇਟ 'ਤੇ ਰੁਕਣਾ ਪਿਆ, ਜਿਸ ਨਾਲ ਮਰੀਜ਼ ਦੀ ਜਾਨ ਨੂੰ ਖ਼ਤਰਾ ਪੈ ਸਕਦਾ ਸੀ | ਅੰਗਦ ਦੱਤਾ ਨੇ ਕਿਹਾ ਕਿ ਹਸਪਤਾਲ ਦੇ ਸਟਾਫ਼ ਦੀ ਲਾਪ੍ਰਵਾਹੀ ਦੀਆਂ ਅਜਿਹੀਆਂ ਘਟਨਾਵਾਂ ਰੋਜ਼ਾਨਾ ਦੇਖਣ ਨੂੰ ਮਿਲ ਰਹੀਆਂ ਹਨ, ਇਸ ਲਈ ਉਨ੍ਹਾਂ ਵਲੋਂ ਈ-ਮੇਲ ਜ਼ਰੀਏ ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ, ਪਿ੍ੰਸੀਪਲ ਸਕੱਤਰ (ਹੋਮ ਅਫੇਅਰਜ਼), ਡੀ. ਜੀ. ਪੀ. ਪੰਜਾਬ, ਡਿਪਟੀ ਕਮਿਸ਼ਨਰ ਜਲੰਧਰ, ਸਿਵਲ ਸਰਜਨ ਜਲੰਧਰ ਤੇ ਹੋਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ | ਅੰਗਦ ਦੱਤਾ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨਾਲ ਕਿਸੇ ਵੀ ਅਧਿਕਾਰੀ ਨੇ ਕੋਈ ਸੰਪਰਕ ਨਹੀਂ ਕੀਤਾ |