ਜਲੰਧਰ, 27 ਮਾਰਚ (ਹਰਵਿੰਦਰ ਸਿੰਘ ਫੁੱਲ)-ਵਿਸ਼ਵ ਰੰਗ ਮੰਚ ਦਿਵਸ ਸੰਬੰਧੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸਮਾਗਮ ਕਰਵਾਇਆ | ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ 'ਤੇ ਵੰਨ-ਸੁਵੰਨੀਆਂ ਰੰਗ-ਮੰਚ ਟੋਲੀਆਂ, ਕਲਾਕਾਰਾਂ, ਚਿੱਤਰਕਾਰਾਂ, ਸਹਿਯੋਗੀ ਸੰਸਥਾਵਾਂ ਤੇ ਦੇਸ਼ ਭਗਤ ਯਾਦਗਾਰ ਹਾਲ ਨਾਲ ਜੁੜੀਆਂ ਸ਼ਖ਼ਸੀਅਤਾਂ ਤੇ ਸੰਸਥਾਵਾਂ ਨੇ ਇਕਜੁੱਟ ਹੋ ਕੇ ਅਮਨ-ਸ਼ਾਂਤੀ ਤੇ ਦੋਸਤੀ ਦਾ ਪੈਗਾਮ ਦਿੰਦਿਆਂ ਅਹਿਦ ਲਿਆ ਕਿ ਉਹ ਫਿਰਕੂ ਤੇ ਕਾਰਪੋਰੇਟ ਪੱਖੀ ਤਾਕਤਾਂ ਦੇ ਮਨਸੂਬੇ ਕਿਸੇ ਵੀ ਹਾਲਤ 'ਚ ਕਾਮਯਾਬ ਨਹੀਂ ਹੋਣ ਦੇਣਗੇ | ਇਸ ਮੌਕੇ 'ਜ਼ਿੰਦਗੀ ਰੰਗ ਮੰਚ ਹੈ' ਵਿਸ਼ੇ 'ਤੇ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਪ੍ਰੋ. ਵਰਿਆਮ ਸਿੰਘ ਸੰਧੂ ਨੇ ਇਸ ਉਦਾਸ ਤੇ ਪਤਝੜ ਦੇ ਮੌਸਮ ਵਿਚ ਰੰਗ-ਮੰਚ ਕਰਮੀਆਂ ਵਲੋਂ ਹੱਕ, ਸੱਚ ਤੇ ਇਨਸਾਫ਼ ਦੀ ਲੋਅ ਜਗਦੀ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਇਸ ਵਾਰ ਹਾਲੀਵੁੱਡ ਦੇ ਨਾਮਵਰ ਅਦਾਕਾਰ ਵਿਲੀਅਮ ਜੇਮਜ਼ ਡੇਫੀਓ (ਯੂ. ਐਸ. ਏ.) ਦਾ ਕੌਮਾਂਤਰੀ ਸੁਨੇਹਾ ਸਾਂਝਾ ਕਰਦਿਆਂ ਦੱਸਿਆ ਕਿ 'ਦੁਨੀਆਂ ਵਿਚ ਰੰਗ ਮੰਚ ਦੀ ਵਿਧਾ ਦਾ ਕੋਈ ਬਦਲ ਨਹੀਂ' ਤੇ ਇਹ ਵਿਧਾ ਬੇਹੱਦ ਕਾਰਗਰ ਹੈ | ਸਮਾਗਮ 'ਚ ਨਵਚਿੰਤਨ ਕਲਾ ਮੰਚ ਬਿਆਸ ਵਲੋਂ ਕਰਾਂਤੀਪਾਲ ਦੀ ਨਿਰਦੇਸ਼ਨਾ ਅਤੇ ਪਿ੍ਤਪਾਲ ਦੀ ਸਹਿ ਨਿਰਦੇਸ਼ਨਾ 'ਚ ਗੁਰਸ਼ਰਨ ਭਾਅ ਜੀ ਦਾ ਲਿਖਿਆ ਨਾਟਕ 'ਸੀਸ ਤਲੀ 'ਤੇ ਪੇਸ਼ ਕੀਤਾ | ਨਾਟਕ ਇਹ ਸੁਨੇਹਾ ਦੇਣ 'ਚ ਸਫਲ ਰਿਹਾ ਕਿ ਬੱਬਰ ਅਕਾਲੀ ਲਹਿਰ ਮੌਕੇ ਬਾਹਰੋਂ ਆਈਆਂ ਕੰਪਨੀਆਂ ਵਲੋਂ ਸਾਡੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਉਠੀ ਬੱਬਰ ਲਹਿਰ ਅੱਜ ਵੀ ਪ੍ਰਸੰਗਕ ਹੈ | 'ਮੋਇਆਂ ਦੇ ਖ਼ਤ' ਵਿਸ਼ਵ ਪ੍ਰਸਿੱਧ ਰਚਨਾ 'ਤੇ ਆਧਾਰਿਤ ਦੋ ਲਘੂ ਨਾਟਕ ਅਰੂਸ਼ੀ ਅਤੇ ਐਸ. ਪੀ. ਸਿੰਘ ਨੇ ਬਾਖ਼ੂਬੀ ਪੇਸ਼ ਕੀਤੇ | ਇਹ ਨਾਟਕ ਸਟਾਈਲ ਆਰਟਸ ਐਸੋਸੀਏਸ਼ਨ ਵਲੋਂ ਨੀਰਜ ਕੌਸ਼ਿਕ ਦੀ ਨਿਰਦੇਸ਼ਨਾ 'ਚ ਤਿਆਰ ਕੀਤੇ ਗਏ | ਸਮਾਗਮ 'ਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ਉੱਘੇ ਆਰਟਿਸਟ ਇੰਦਰਜੀਤ ਸਿੰਘ ਜਲੰਧਰ ਵਲੋਂ ਲਗਾਈ ਫੋਟੋ ਪ੍ਰਦਰਸ਼ਨੀ, ਜਿਸ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਤੇ ਪੀਪਲਜ਼ ਵਾਇਸ ਡਾ. ਸੈਲੇਸ਼ ਵਲੋਂ ਵੀ ਤਸਵੀਰਾਂ ਲਾਈਆਂ ਗਈਆਂ | ਇਸ ਮੌਕੇ ਜੀ. ਐੱਨ. ਏ. ਯੂਨੀਵਰਸਿਟੀ ਫਗਵਾੜਾ ਦੇ ਪ੍ਰੋ. ਰਵੀ ਦੀ ਅਗਵਾਈ 'ਚ ਵੱਡੀ ਗਿਣਤੀ ਵਿਚ ਆਏ ਵਿਦਿਆਰਥੀਆਂ ਤੋਂ ਇਲਾਵਾ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ, ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਪਰਮਜੀਤ ਸਿੰਘ ਵਿਰਕ, ਕਵਿੱਤਰੀ ਬਲਜੀਤ ਕੌਰ ਬੱਲ, ਰੰਗ ਕਰਮੀ ਬਖ਼ਸ਼ ਸੰਘਾ ਐਡਮਿੰਟਨ (ਕੈਨੇਡਾ) ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਤੇ ਹੋਰ ਕਲਾ ਪ੍ਰੇਮੀ ਹਾਜ਼ਰ ਸਨ | ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ, ਜਦਕਿ ਮੰਚ ਸੰਚਾਲਨ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵਲੋਂ ਕੀਤਾ ਗਿਆ |