ਆਦਮਪੁਰ, 27 ਮਾਰਚ (ਹਰਪ੍ਰੀਤ ਸਿੰਘ)-ਥਾਣਾ ਆਦਮਪੁਰ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ 5 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗਿ੍ਫਤਾਰ ਕੀਤਾ ਹੈ | ਥਾਣਾ ਮੁਖੀ ਪੰਕਜ ਕੁਮਾਰ ਆਦਮਪੁਰ ਨੇ ਦੱਸਿਆ ਕਿ ਸਬ ਇੰਸਪੈਕਟਰ ਰਵਿੰਦਰ ਸਿੰਘ ਚੌਕੀ ਇੰਚਾਰਜ ਅਲਾਵਲਪੁਰ ਸਮੇਤ ਪੁਲਿਸ ਪਾਰਟੀ ਵਲੋਂ ਗਸ਼ਤ ਤੇ ਚੈਕਿੰਗ ਦੌਰਾਨ ਪਿੰਡ ਡੀਂਗਰੀਆਂ ਨੇੜੇ ਸ਼ੱਕੀ ਹਾਲਾਤਾਂ ਵਿਚ ਘੁੰਮ ਰਹੇ 5 ਨੌਜਵਾਨਾਂ ਨੂੰ ਰੋਕਿਆ ਗਿਆ | ਤਲਾਸ਼ੀ ਲੈਣ 'ਤੇ ਇਨ੍ਹਾਂ ਪਾਸੋਂ 10 ਗ੍ਰਾਮ ਹੈਰੋਇਨ ਵਰਗੀ ਨਸ਼ੀਲੀ ਵਸਤੂ, ਜੋ ਕਿ ਪਲਾਸਟਿਕ ਦੇ ਲਿਫਾਫਿਆਂ ਵਿਚ ਲਪੇਟੀ ਹੋਈ ਸੀ ਤੇ 10 ਰੁਪਏ ਦੇ ਨੋਟਾਂ ਦੀ ਵੱਡੀ ਮਾਤਰਾ (ਡਰੱਗ ਮਨੀ) ਬਰਾਮਦ ਹੋਈ | ਜਿਨ੍ਹਾਂ ਦੀ ਪਹਿਚਾਣ ਸੂਰਜ ਕੁਮਾਰ (ਪੁੱਤਰ ਮੇਜਰ ਰਾਮ, ਵਾਸੀ ਖੋਜਪੁਰ), ਲਲਿਤ ਕੁਮਾਰ (ਪੁੱਤਰ ਸੈਂਟੀ, ਵਾਸੀ ਖੋਜਪੁਰ), ਰਾਜਿੰਦਰ ਪਟਿਆਲ (ਪੁੱਤਰ ਤਰਸੇਮ ਕੁਮਾਰ, ਵਾਸੀ ਖੋਜਪੁਰ, ਅਮਰਜੋਤ ਸਿੰਘ (ਪੁੱਤਰ ਹਰਮੀਤ ਸਿੰਘ, ਵਾਸੀ ਆਦਮਪੁਰ), ਗੁਰਪ੍ਰੀਤ ਸਿੰਘ (ਪੁੱਤਰ ਮਨਜੀਤ ਸਿੰਘ, ਵਾਸੀ ਡੀਂਗਰੀਆਂ) ਥਾਣਾ ਆਦਮਪੁਰ ਵਿਚ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਨਸ਼ਾ ਕਿੱਥੋਂ ਲਿਆਂਦਾ ਗਿਆ ਸੀ |