ਜਲੰਧਰ, 3 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਗੁੱਡ ਫਰਾਈਡੇ ਦੇ ਸੰਬੰਧ 'ਚ ਵਿਸ਼ੇਸ ਅਰਦਾਸ ਸਮਾਗਮ ਬਿਸਪ ਹਾਊਸ ਚਰਚ ਜਲੰਧਰ ਵਿਖੇ ਸ਼ਰਧਾ ਨਾਲ ਕਰਵਾਇਆ | ਉਪਰੰਤ ਬਿਸ਼ਪ ਹਾਊਸ ਵਲੋਂ ਬਿਸ਼ਪ ਜੋਸ ਸੁਬਾਸਟੀਅਨ ਦੀ ਅਗਵਾਈ 'ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ ਫਾਦਰ ਐਂਥਨੀ ਤੁਰਤੀ, ਫਾਦਰ ਟਰੇਸ ਬਾਬੂ ਤੇ ਫਾਦਰ ਰਹਿਮਾਨ ਬਾਬੂ ਵੀ ਉਨ੍ਹਾਂ ਦੇ ਨਾਲ ਸਨ | ਸ਼ੋਭਾ ਯਾਤਰਾ ਬਿਸ਼ਪ ਹਾਊਸ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਵਾਪਸ ਬਿਸ਼ਪ ਹਾਊਸ ਵਿਖੇ ਪਹੰੁਚ ਕੇ ਸਮਾਪਤ ਹੋਈ | ਸ਼ੋਭਾ ਯਾਤਰਾ 'ਚ ਸ਼ਾਮਿਲ ਸ਼ਰਧਾਲੂਆਂ ਵਲੋਂ ਪ੍ਰਭੂ ਯਿਸੂ ਮਸੀਹ ਦੇ ਜੀਵਨ ਤੇ ਸਿੱਖਿਆਵਾਂ ਨੂੰ ਦਰਸਾਉਂਦੀਆਂ ਤਖ਼ਤੀਆਂ ਚੁੱਕੀਆਂ ਹੋਈਆ ਸਨ | ਵੱਡੀ ਗਿਣਤੀ ਸ਼ਰਧਾਲੂ ਪ੍ਰਭੂ ਯਿਸੂ ਦਾ ਗੁਣਗਾਨ ਕਰਦੇ ਹੋਏ ਯਾਤਰਾ ਦੇ ਨਾਲ ਚੱਲ ਰਹੇ ਸਨ | ਇਸ ਤੋਂ ਪਹਿਲਾਂ ਬਿਸ਼ਪ ਜੋਸ ਸੁਬਾਸਟੀਅਨ ਨੇ ਸ਼ਰਧਾਲੂਆਂ ਨੂੰ ਪ੍ਰਭੂ ਯਿਸੂ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕਰਦੇ ਹੋਏ ਦੁਨੀਆ 'ਚ ਅਮਨ ਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ | ਇਸ ਮੌਕੇ ਫਾਦਰ ਐਥਨੀ ਤੁਰਤੀ ਨੇ ਕਿਹਾ ਕਿ ਪ੍ਰਭੂ ਯਿਸੂ ਨੇ ਇਨਸਾਨ ਨੂੰ ਪਾਪਾ ਤੋਂ ਬਚਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ | ਸ਼ੋਭਾ ਯਾਤਰਾ 'ਚ ਵਿਲੀਅਮ ਵੜੈਚ ਤੇ ਹੋਰਨਾਂ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ |