ਜਲੰਧਰ, 4 ਅਪ੍ਰੈਲ (ਸ਼ਿਵ)-ਨਗਰ ਨਿਗਮ ਪ੍ਰਸ਼ਾਸਨ ਨੇ ਗੁਰੂ ਰਵਿਦਾਸ ਚੌਕ ਨੂੰ ਸੁੰਦਰ ਬਣਾਉਣ ਲਈ ਲੱਖਾਂ ਰੁਪਏ ਖ਼ਰਚ ਕੀਤੇ ਹਨ ਤੇ ਉਸ ਦੀ ਸੰਭਾਲ ਲਈ ਆਲੇ ਦੁਆਲੇ ਲੋਹੇ ਦੇ ਗਾਡਰ ਵੀ ਲਗਾਏ ਹਨ ਪਰ ਹੁਣ ਲੱਗੇ ਗਾਡਰਾਂ 'ਚੋਂ ਕਈ ਗਾਡਰ ਟੇਢੇ ਮੇਢੇ ਹੋ ਗਏ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਗਾਡਰ ਗੱਡੀਆਂ ਦੇ ਵੱਜਣ ਕਰਕੇ ਖ਼ਰਾਬ ਹੋਏ ਹਨ ਤਾਂ ਇਸ ਨਾਲ ਚੌਕ ਨੂੰ ਵੀ ਨੁਕਸਾਨ ਪੁੱਜਾ ਹੈ | ਆਮ ਆਦਮੀ ਪਾਰਟੀ ਦੇ ਆਗੂ ਮੇਜਰ ਸਿੰਘ ਨੇ ਕਿਹਾ ਕਿ ਨਿਗਮ ਨੇ ਇਨ੍ਹਾਂ ਗਾਡਰਾਂ ਨੂੰ ਲਗਾ ਕੇ ਵਧੀਆ ਕੰਮ ਕੀਤਾ ਹੈ ਤਾਂ ਜੋ ਚੌਕ ਨੂੰ ਕਿਸੇ ਤਰਾਂ ਦਾ ਨੁਕਸਾਨ ਨਾ ਪੁੱਜੇ ਪਰ ਇਨ੍ਹਾਂ ਗਾਡਰਾਂ ਵਿਚ ਗੱਡੀਆਂ ਵੱਜ ਰਹੀਆਂ ਹਨ | ਇਕ ਤਾਂ ਗਾਡਰ ਖ਼ਰਾਬ ਹੋ ਰਹੇ ਹਨ ਸਗੋਂ ਲੋਕਾਂ ਦੀਆਂ ਗੱਡੀਆਂ ਨੂੰ ਨੁਕਸਾਨ ਪੁੱਜ ਰਿਹਾ ਹੈ | ਮੇਜਰ ਸਿੰਘ ਦਾ ਕਹਿਣਾ ਸੀ ਕਿ ਚੌਕ ਦੇ ਆਲ਼ੇ ਦੁਆਲੇ ਇਸ ਤਰਾਂ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਗੱਡੀਆਂ ਗਾਡਰਾਂ 'ਚ ਨਾ ਵੱਜਣ ਤੇ ਚੌਕ ਵੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰਹੇ | ਉਨਾਂ ਕਿਹਾ ਕਿ ਚੌਕ ਦੇ ਆਲ਼ੇ ਦੁਆਲੇ ਕੰਧ ਵੀ ਮਜ਼ਬੂਤ ਬਣਾਈ ਜਾਣੀ ਚਾਹੀਦੀ ਸੀ ਤਾਂ ਜੋ ਚੌਕ ਦਾ ਵੀ ਕਿਸੇ ਤਰ੍ਹਾਂ ਨਾਲ ਨੁਕਸਾਨ ਨਾ ਹੋ ਸਕੇ | ਚੌਕ 'ਚ ਕਈ ਗਾਡਰ ਗੱਡੀਆਂ ਵੱਜਣ ਕਾਰਨ ਖ਼ਰਾਬ ਹੋਏ ਹਨ |