ਫਗਵਾੜਾ, 5 ਅਪੈ੍ਰਲ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ਦੀਆਂ ਸੜਕਾਂ ਦਾ 12.5 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ ਤੇ ਵਿਕਾਸ ਕਾਰਜ 'ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਸ਼ੂਗਰ ਮਿੱਲ ਪੁਲ ਹੇਠਾਂ ਬਣਨ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ ਮੌਕੇ ਕੀਤਾ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਸੜਕਾਂ ਵਧੀਆ ਪੱਧਰ ਦੇ ਸਾਮਾਨ ਨਾਲ ਬਣਾਈਆਂ ਜਾਣਗੀਆਂ, ਜਿਨ੍ਹਾਂ ਦੀ ਚੌੜਾਈ 33 ਫੁੱਟ ਹੋਵੇਗੀ ਤੇ 3.5 ਇੰਚ ਮੋਟੀ ਲੁੱਕ ਪਾਈ ਜਾਵੇਗੀ | ਉਨ੍ਹਾਂ ਕਿਹਾ ਕਿ ਫਗਵਾੜਾ ਦੇ ਸ਼ਹਿਰੀ ਤੇ ਪੇਂਡੂ ਦੋਵੇਂ ਖੇਤਰਾਂ 'ਚ ਇੱਕੋ ਜਿਹੀ ਗੁਣਵੱਤਾ ਨਾਲ ਸੜਕਾਂ ਦਾ ਵਿਕਾਸ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਉਨ੍ਹਾਂ ਦਾ ਪਰਿਵਾਰ ਹਨ ਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਨਿਰਮਾਣ ਕਾਰਜ ਵੀ ਜਲਦ ਪੂਰਾ ਹੋਵੇਗਾ ਤੇ ਸ਼ਹਿਰ ਦੀਆਂ ਬਾਕੀ ਰਹਿੰਦੀਆਂ ਸੜਕਾਂ ਵੀ ਜਲਦ ਬਣਾਈਆਂ ਜਾਣਗੀਆਂ | ਉਨ੍ਹਾਂ ਭਰੋਸਾ ਦਿੱਤਾ ਜੋ ਵੀ ਵਿਕਾਸ ਕਾਰਜ ਬਕਾਇਆ ਰਹਿੰਦੇ ਹਨ ਉਨ੍ਹਾਂ ਨੂੰ ਤੁਰੰਤ ਪੂਰਾ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਆਪ ਹਲਕਾ ਇੰਚਾਰਜ ਹਰਜੀ ਮਾਨ, ਸੰਤੋਸ਼ ਕੁਮਾਰ ਗੋਗੀ, ਕੌਂਸਲਰ ਜਗਦੇਵ ਸਿੰਘ, ਜਸਪਾਲ ਸਿੰਘ ਸਮੇਤ ਕਈ ਪ੍ਰਮੁੱਖ ਸ਼ਾਮਿਲ ਸਨ |