ਜਮਸ਼ੇਰ ਖ਼ਾਸ/ਜੰਡਿਆਲਾ ਮੰਜਕੀ, 8 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)-ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਥਾਣਾ ਸਦਰ ਅਧੀਨ ਤੇ ਹਲਕੇ ਅੰਦਰ ਵੱਧ ਰਹੀ ਗੈਰਕਾਨੂੰਨੀ ਮਾਈਨਿੰਗ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ 'ਤੇ ਤਿੱਖਾ ਹਮਲਾ ਬੋਲਿਆ ਹੈ | ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਇਹ ਮਾਮਲਾ 'ਕੈਸ਼ ਫ਼ੋਰ ਪੈਟਰੋਨੇਜ' ਦੇ ਮਾਡਲ ਵਿਚ ਤਬਦੀਲ ਹੋ ਚੁੱਕਾ ਹੈ, ਜਿਥੇ ਕੁਝ ਚੁਣਿੰਦੇ ਲੋਕਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਾਨੂੰਨਾਂ ਦੀ ਖੁੱਲ੍ਹੀ ਉਲੰਘਣਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹੱਦ ਤੋਂ ਵੱਧ ਇਥੋਂ ਮਿੱਟੀ ਪੁੱਟੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਹਲਕੇ ਦੇ ਕੰਗਣੀਵਾਲ, ਚੌਲਾਂਗ, ਮਸ਼ਿਆਣਾ ਤੇ ਚਿੱਟੀ ਬੇਈਾ ਕਿਨਾਰੇ ਵਸੇ ਹੋਰ ਬਹੁਤ ਸਾਰੇ ਪਿੰਡਾਂ ਵਿਚ 20 ਤੋਂ 30 ਫੁੱਟ ਤੱਕ ਪੁੱਟੀ ਗਈ ਮਿੱਟੀ ਇਸ ਗੱਲ ਦੀ ਗਵਾਹੀ ਭਰਦੀ ਹੈ | ਉਨ੍ਹਾਂ ਕਿਹਾ ਕਿ ਇਹ ਨਾਜਾਇਜ਼ ਮਾਈਨਿੰਗ ਚਿੰਤਾ ਦਾ ਵਿਸ਼ਾ ਹੈ | ਸੰਘਾ ਨੇ ਕਿਹਾ ਜੇਕਰ ਜ਼ਰੂਰਤ ਪਈ ਤਾਂ ਉੱਚ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਦੌਰੇ ਦੌਰਾਨ ਬਹੁਤੇ ਸਾਰੇ ਛੋਟੇ ਕਿਸਾਨਾਂ ਨੇ ਦੱਸਿਆ ਕਿ ਮਿੱਟੀ ਦੀ ਪੁਟਾਈ ਕਈ ਜਗ੍ਹਾ 24 ਘੰਟੇ ਚੱਲ ਰਹੀ ਹੈ | ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਜਿਹੜੇ ਅਧਿਕਾਰੀ ਇਸ ਨੂੰ ਨਾ ਰੋਕਣ ਲਈ ਜ਼ਿੰਮੇਵਾਰ ਹਨ ਉਹ ਜਾਂ ਤਾਂ ਮੂਕ ਦਰਸ਼ਕ ਬਣੇ ਹੋਏ ਹਨ ਇਸ ਗਲਤ ਕੰਮ ਨੂੰ ਅੱਖੋਂ ਪਰੋਖੇ ਕਰਕੇ ਸਹਿਯੋਗ ਦੇ ਰਹੇ ਹਨ | ਸੰਘਾ ਨੇ ਕਿਹਾ ਕਿ ਜੇਕਰ ਅੱਜ ਇਸ ਨੂੰ ਨਹੀਂ ਰੋਕਿਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ | ਹਰਜਾਪ ਸਿੰਘ ਸੰਘਾ ਨੇ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਜਿਨ੍ਹਾਂ ਲੋਕਾਂ ਦੀ ਸ਼ਮੂਲੀਅਤ ਹੈ, ਉਨ੍ਹਾਂ ਨੂੰ ਬੇਨਕਾਬ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ | ਸੰਘਾ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ 'ਤੇ ਚੁੱਪ ਨਹੀਂ ਬੈਠੇਗਾ ਅਤੇ ਜ਼ਰੂਰਤ ਪੈਣ 'ਤੇ ਵੱਡੇ ਪੱਧਰ 'ਤੇ ਲੋਕ ਅੰਦੋਲਨ ਛੇੜਿਆ ਜਾਵੇਗਾ |