ਜਲੰਧਰ, 10 ਅਪ੍ਰੈਲ (ਡਾ.ਜਤਿੰਦਰ ਸਾਬੀ)-ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਤੇ ਪ੍ਰਧਾਨ ਜਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਡਾ.ਗੁਰਿੰਦਰਜੀਤ ਕੌਰ (ਨੈਸ਼ਨਲ ਅਵਾਰਡੀ), ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਰਾਜੀਵ ਜੋਸ਼ੀ (ਸਟੇਟ ਅਵਾਰਡੀ) ਜਿਲ੍ਹਾ ਸਪੋਰਟਸ ਕੋਆਰਡੀਨੇਟਰ-ਕਮ-ਡੀ. ਐਮ. ਸਪੋਰਟਸ ਅਮਨਦੀਪ ਕੌਂਡਲ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਲੈਕਚਰਾਰ ਬਲਜੀਤ ਸਿੰਘ ਢਿੱਲੋ ਤੇ ਲੈਕਚਰਾਰ ਤੇ ਕੌਮਾਂਤਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਵਿਚ ਸਕੂਲ ਖੇਡਾਂ ਸਫ਼ਲਤਾਪੂਰਵਕ ਕਰਵਾਈਆਂ ਗਈਆਂ | ਇਸ ਮੌਕੇ ਅੱਜ ਜ਼ਿਲੇ੍ਹ ਦੇ ਲਾਅ ਬਲਾਸਮ ਸਕੂਲ ਵਿਖੇ ਸਕੂਲ ਖੇਡਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਆਪਣੇ ਵਡਮੁੱਲੇ ਯੋਗਦਾਨ ਲਈ ਸੰਬੰਧਤ ਪਿ੍ੰਸੀਪਲਾਂ ਤੇ ਖੇਡ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਸਮਾਰੋਹ 'ਚ ਬਤੌਰ ਮੁੱਖ ਮਹਿਮਾਨ ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਇੰਚਾਰਜ ਜਲੰਧਰ ਕੈਂਟ ਰਜਿੰਦਰ ਕੋਰ ਥਿਆੜਾ ਨੇ ਹਾਜ਼ਰੀ ਭਰੀ | ਡੀ. ਟੀ. ਸੀ. ਜਲੰਧਰ ਵਲੋਂ ਪ੍ਰਸਿੱਧ ਖੇਡ ਖੇਤਰ ਦੀਆਂ ਹਸਤੀਆਂ ਸਟੇਟ ਐਵਾਰਡੀ ਪਿ੍ੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ), ਡਾ. ਜਤਿੰਦਰ ਸਾਬੀ, ਪਿ੍ੰਸੀਪਲ ਜਤਿੰਦਰ ਕੁਮਾਰ, ਪਿ੍ੰਸੀਪਲ ਸੁਖਦੇਵ ਲਾਲ ਬੱਬਰ, ਪਿ੍ੰਸੀਪਲ ਭੁਪਿੰਦਰ ਪਾਲ ਸਿੰਘ, ਪਿ੍ੰਸੀਪਲ ਪਰਮਿੰਦਰ ਫਲੋਰਾ, ਪਿ੍ੰਸੀਪਲ ਦਿਨੇਸ਼ ਕੁਮਾਰ ਸਮੇਤ 35 ਪਿ੍ੰਸੀਪਲ ਤੇ ਮੁੱਖ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਉਨ੍ਹਾਂ ਦੀਆਂ ਖੇਡਾਂ ਵਿਚ ਦਿੱਤੀਆਂ ਗਈਆਂ ਸੇਵਾਵਾਂ ਦੀ ਕਦਰ ਕੀਤੀ ਗਈ | ਪ੍ਰੋਗਰਾਮ ਦੇ ਸ਼ੁਰੂਆਤ ਵਿਚ ਡਾ. ਗੁਰਿੰਦਰਜੀਤ ਕੌਰ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਹੋਰ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਜਲੰਧਰ ਵਿਚ ਖੇਡਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਯਤਨ ਜਾਰੀ ਰਹਿਣਗੇ | ਸਮਾਰੋਹ ਦੌਰਾਨ ਕਰੀਬ 100 ਖੇਡ ਹਸਤੀਆਂ ਨੂੰ ਜ਼ਿਲ੍ਹਾ ਪੱਧਰ 'ਤੇ ਖੇਡਾਂ ਵਿਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ | ਇਸ ਦੌਰਾਨ ਮੁੱਖ ਮਹਿਮਾਨ ਕੈਬਨਟ ਮੰਤਰੀ ਮਹਿੰਦਰ ਭਗਤ ਵਲੋਂ ਆਪਣੇ ਸਬੋਧਨ ਵਿਚ ਦੱਸਿਆ ਗਿਆ ਕਿ ਭਗਵੰਤ ਮਾਨ ਅਗਵਾਈ 'ਚ ਪੰਜਾਬ ਸਰਕਾਰ ਵਲੋਂ ਖੇਡਾਂ ਦਾ ਮੌਜੂਦਾ ਬਜਟ 1790 ਕਰੋੜ ਰੁਪਏ ਕੀਤਾ ਗਿਆ ਹੈ | ਵਿਸ਼ੇਸ਼ ਮਹਿਮਾਨ ਰਾਜਵਿੰਦਰ ਕੌਰ ਥਿਆੜਾ ਨੇ ਆਪਣੇ ਸੰਬੋਧਨ ਵਿਚ ਸਨਮਾਨਿਤ ਹਸਤੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਲਗਾਤਾਰ ਸੁਧਾਰ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ | ਸਮਾਰੋਹ ਦੇ ਅਖੀਰ ਵਿਚ ਡੀ. ਟੀ. ਸੀ. ਜਲੰਧਰ ਦੇ ਜਨਰਲ ਸਕੱਤਰ ਸਟੇਟ ਅਵਾਰਡੀ ਬਲਜੀਤ ਸਿੰਘ ਢਿੱਲੋਂ ਵਲੋਂ ਮੁੱਖ ਮਹਿਮਾਨ ਤੇ ਸਮੂਹ ਪਿ੍ੰਸੀਪਲ ਸਾਹਿਬਾਨਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਵਲੋਂ ਅੱਜ ਦੇ ਸਮਾਰੋਹ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਪਿ੍ੰਸੀਪਲ ਸੁਖਦੇਵ ਲਾਲ ਬੱਬਰ, ਅੰਤਰਰਾਸ਼ਟਰੀ ਜੂਡੋ ਕੋਚ ਲੈਕਚਰਾਰ ਸੁਰਿੰਦਰ ਕੁਮਾਰ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮਨਦੀਪ ਕੌਂਡਲ ਤੇ ਸਮੂਹ ਟੀਮ ਦਾ ਧੰਨਵਾਦ ਕੀਤਾ | ਸਮਾਰੋਹ ਵਿਚ ਨਿਖਿਲ ਹੰਸ, ਸੋਮਪਾਲ, ਲੈਕਚਰਾਰ ਬਿ੍ਜ ਲਾਲ, ਸੁਲਿੰਦਰ ਸਿੰਘ, ਨਰੇਸ਼ ਕੁਮਾਰ, ਹੀਰਾ ਲਾਲ ਸਮੇਤ ਜਿਲੇ ਦੇ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲ, ਮੁੱਖ ਅਧਿਆਪਕ ਤੇ ਸਰੀਰਿਕ ਸਿੱਖਿਆ ਅਧਿਆਪਕ ਵੀ ਵੱਡੀ ਗਿਣਤੀ 'ਚ ਮੌਜੂਦ ਸਨ |