ਕਾਲੋਨੀਆਂ ਦੀਆਂ ਬਕਾਇਆ ਫ਼ੀਸਾਂ ਜਮਾਂ ਕਰਵਾਉਣ ਨੂੰ ਲੈ ਕੇ ਨਿਗਮ 'ਚ ਆਉਣੇ ਸ਼ੁਰੂ ਹੋਏ ਕਈ ਕਾਲੋਨਾਈਜ਼ਰ
ਅਜੀਤ ਡੈਸਕ
11-04-2026
ਜਲੰਧਰ, 10 ਅਪ੍ਰੈਲ-ਮੇਅਰ ਵਨੀਤ ਧੀਰ ਦੀ ਹਦਾਇਤ 'ਤੇ ਨਿਗਮ ਪ੍ਰਸ਼ਾਸਨ ਵਲੋਂ ਜਿਨ੍ਹਾਂ ਕਾਲੋਨੀਆਂ ਵਾਲਿਆਂ ਵਲੋਂ ਬਕਾਇਆ ਫ਼ੀਸਾਂ ਜਮਾਂ ਨਾ ਕਰਨ ਵਾਲਿਆਂ ਬਾਰੇ ਪਬਲਿਕ ਨੋਟਿਸ ਜਾਰੀ ਕਰਕੇ ਫ਼ੀਸਾਂ ਜਮਾਂ ਨਾ ਹੋਣ 'ਤੇ ਕੇਸ ਦਰਜ ਕਰਨ ਲਈ ਕਿਹਾ ਗਿਆ ਹੈ, ਉਸ ਨੂੰ ਲੈ ਕੇ ਕਈ ਕਾਲੋਨਾਈਜ਼ਰ ਹੁਣ ਬਕਾਇਆ ਫ਼ੀਸਾਂ ਜਮਾਂ ਕਰਵਾਉਣ ਲਈ ਨਿਗਮ 'ਚ ਆਉਣੇ ਸ਼ੁਰੂ ਹੋ ਗਏ ਹਨ | ਦੱਸਿਆ ਜਾਂਦਾ ਹੈ ਕਿ ਅੱਜ ਕੁਝ ਕਾਲੋਨਾਈਜ਼ਰਾਂ ਨੇ ਅਲੱਗ-ਅਲੱਗ ਤੌਰ 'ਤੇ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਦੀਆਂ ਕੋਈ ਬਕਾਇਆ ਫ਼ੀਸਾਂ ਦੇਣ ਵਾਲੀਆਂ ਹਨ | ਕਈ ਕਾਲੋਨਾਈਜ਼ਰਾਂ ਨੇ ਭਰੋਸਾ ਦਿੱਤਾ ਕਿ ਉਹ ਆਉਂਦੇ ਸਮੇਂ 'ਚ ਆਪਣੀਆਂ ਰਹਿੰਦੀਆਂ ਬਕਾਇਆ ਫ਼ੀਸਾਂ ਜਮਾਂ ਕਰਵਾ ਦੇਣਗੇ | ਨਿਗਮ ਪ੍ਰਸ਼ਾਸਨ ਨੇ 2013 ਤੋਂ ਲੈ ਕੇ 2018 ਤੱਕ ਕਾਲੋਨੀਆਂ ਦੀ ਬਕਾਇਆ ਫ਼ੀਸਾਂ ਜਮਾਂ ਨਾ ਕਰਵਾਉਣ ਵਾਲਿਆਂ ਦੀ ਬਕਾਇਦਾ ਸੂਚੀ ਜਾਰੀ ਕੀਤੀ ਸੀ, ਜਿਸ ਕਰਕੇ ਕਈ ਕਾਲੋਨਾਈਜ਼ਰਾਂ 'ਚ ਹੜਕੰਪ ਮੱਚ ਗਿਆ ਹੈ | ਦੱਸਿਆ ਜਾਂਦਾ ਹੈ ਕਿ ਕਾਲੋਨਾਈਜ਼ਰਾਂ ਤੋਂ ਕਰੋੜਾਂ ਰੁਪਏ ਦੀ ਫ਼ੀਸ ਵਸੂਲੀ ਕੀਤੀ ਜਾਣੀ ਹੈ | ਚੇਤੇ ਰਹੇ ਕਿ ਬਕਾਏਦਾਰਾਂ ਦੀ ਸੂਚੀ ਮੇਅਰ ਵਨੀਤ ਧੀਰ ਦੀ ਹਦਾਇਤ ਤੋਂ ਬਾਅਦ ਹੀ ਬਿਲਡਿੰਗ ਵਿਭਾਗ ਨੇ ਜਾਰੀ ਕੀਤੀ ਹੈ ਜਦਕਿ ਇਸ ਤੋਂ ਪਹਿਲਾਂ ਬਿਲਡਿੰਗ ਵਿਭਾਗ ਵਲੋਂ ਇਸ ਵਸੂਲੀ ਨੂੰ ਲੈਣ ਲਈ ਕੋਈ ਯਤਨ ਨਹੀਂ ਕੀਤਾ ਗਿਆ | ਉੱਧਰ ਮੇਅਰ ਨੇ ਦੱਸਿਆ ਕਿ 2018 'ਚ ਕਾਲੋਨੀਆਂ ਨੂੰ ਰੈਗੂਲਰ ਕਰਨ ਦੀ ਨੀਤੀ ਆਈ ਸੀ ਤਾਂ ਉਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਵੇਲੇ ਜਿਨ੍ਹਾਂ ਕਾਲੋਨੀਆਂ ਵਲੋਂ ਰੈਗੂਲਰ ਕਰਵਾਉਣ ਲਈ ਕੋਈ ਇੱਛਾ ਨਹੀਂ ਦਿਖਾਈ ਸੀ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਅਜੇ ਕਾਲੋਨੀਆਂ ਦੇ ਬਕਾਏਦਾਰਾਂ ਦੀ ਦੂਜੀ ਸੂਚੀ ਵੀ ਜਾਰੀ ਕੀਤੀ ਜਾਣੀ ਹੈ | ਉਨ੍ਹਾਂ ਬਕਾਇਆ ਰਕਮ ਦੇਣ ਵਾਲਿਆਂ ਨੂੰ ਇਕ ਬਾਰ ਫਿਰ ਆਗਾਹ ਕਰਦਿਆਂ ਕਿਹਾ ਕਿ ਸਰਕਾਰੀ ਰਕਮਾਂ ਦੀ ਅਦਾਇਗੀ ਨਾ ਕਰਨ ਵਾਲਿਆਂ ਖ਼ਿਲਾਫ਼ ਤੈਅ ਸਮੇਂ ਤੋਂ ਬਾਅਦ ਕਾਰਵਾਈ ਕਰਨੀ ਸ਼ੁਰੂ ਕਰ ਦੇਵੇਗੀ |