ਮਲਸੀਆਂ, 10 ਅਪ੍ਰੈਲ (ਸੁਖਦੀਪ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਤੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸੰਗਰੂਰ, ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸ਼ੀਰਾ, ਪੀ. ਡਬਲਿਊ. ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਹਿਦਪੁਰੀ, ਗ੍ਰਾਮ ਪੰਚਾਇਤ ਪੰਪ ਓਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਬੇਅੰਤ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀਆਂ ਦੀ ਮੀਟਿੰਗ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਸਿਵਿਲ ਸਕੱਤਰੇਤ ਚੰਡੀਗੜ੍ਹ ਵਿਖੇ ਸਵੇਰੇ 11 ਵਜੇ ਆਪਣੇ ਦਫ਼ਤਰ 'ਚ ਨਿਸ਼ਚਿਤ ਕੀਤੀ ਗਈ ਸੀ, ਜਿਸ ਦੇ ਸੰਬੰਧ 'ਚ ਮੁੱਖ ਸੂਬਾ ਆਗੂ ਸਵੇਰੇ ਤੜਕਸਾਰ ਤੋਂ ਹੀ ਆਪਣੇ ਘਰਾਂ ਤੋਂ ਤੁਰੇ ਹੋਏ ਸਨ ਤੇ ਸਮੇਂ ਅਨੁਸਾਰ ਮੀਟਿੰਗ ਲਈ ਪਹੁੰਚ ਗਏ ਪਰ ਅਫ਼ਸੋਸ ਮੌਕੇ 'ਤੇ ਪਤਾ ਲੱਗਦਾ ਹੈ ਕਿ ਮੀਟਿੰਗ ਦਾ ਸਮਾਂ ਸ਼ਾਮ 3.30 ਵਜੇ ਕਰ ਦਿੱਤਾ ਗਿਆ | ਜਦੋਂ ਸ਼ਾਮ ਦਾ ਸਮਾਂ ਹੋਇਆ ਤਾਂ ਪਤਾ ਲੱਗਾ ਕਿ ਇਹ ਮੀਟਿੰਗ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਵਲੋਂ ਕੀਤੀ ਜਾਵੇਗੀ, ਜਿਨ੍ਹਾਂ ਦਾ ਸਾਡੀਆਂ ਮੰਗਾਂ ਨਾਲ ਕੋਈ ਸੰਬੰਧ ਹੀ ਨਹੀਂ ਹੈ | ਇਸ ਦੇ ਰੋਸ ਵਜੋਂ ਜਲ ਸਪਲਾਈ ਵਿਭਾਗ ਦੀਆਂ 3 ਜਥੇਬੰਦੀਆਂ ਵਲੋਂ ਮੀਟਿੰਗ ਦਾ ਬਾਈਕਾਟ ਕੀਤਾ | ਸੂਬਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਨੇ ਦੱਸਿਆ ਕਿ ਇਸ ਦੇ ਵਿਰੋਧ 'ਚ ਕੱਲ੍ਹ 11 ਅਪ੍ਰੈਲ ਨੂੰ ਸੂਬੇ ਭਰ 'ਚ ਜ਼ਿਲ੍ਹਾ ਪੱਧਰ 'ਤੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ | ਪੰਪ ਓਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਬੇਅੰਤ ਸਿੰਘ ਨੇ ਕਿਹਾ ਕਿ ਵਿਰੋਧ 'ਚ ਵਿੱਤ ਮੰਤਰੀ ਦੇ ਹਲਕੇ ਦਿੜ੍ਹਬਾ ਵਿਖੇ ਰੋਸ ਮਾਰਚ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ | ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ.26) ਦੇ ਸੂਬਾ ਜੁਆਇੰਟ ਸਕੱਤਰ ਸੁਖਵਿੰਦਰ ਸਿੰਘ ਖਰਲ, ਵਿੱਤ ਸਕੱਤਰ ਬਲਜਿੰਦਰ ਸਿੰਘ ਸਮਾਣਾ, ਪ੍ਰੈੱਸ ਸਕੱਤਰ ਦਵਿੰਦਰ ਸਿੰਘ ਨਾਭਾ, ਜੁਆਇੰਟ ਪ੍ਰੈੱਸ ਸਕੱਤਰ ਬਲਵੀਰ ਸਿੰਘ ਹਿਰਦਾਪੁਰ, ਪ੍ਰਚਾਰ ਸਕੱਤਰ ਇੰਦਰਜੀਤ ਸਿੰਘ ਕਪੂਰਥਲਾ ਤੇ ਹੋਰ ਆਗੂ ਮੌਜੂਦ ਸਨ |