ਨੂਰਮਹਿਲ, 12 ਅਪ੍ਰੈਲ (ਤਜਿੰਦਰ ਕੁਮਾਰ)-ਨੂਰਮਹਿਲ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸਾਥੀ ਹੰਸ ਰਾਜ ਪੱਬਵਾਂ ਨੇ ਪੈ੍ਰੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਨਾਨਕ ਪਿੰਡੀ ਦਾ ਜੋ ਗੰਦਾ ਨਾਲਾ ਹੈ, ਨਜ਼ਦੀਕ ਜਮਸ਼ੇਰ ਖਾਸ ਲੰਘ ਕੇ ਜੋ ਪੁਲ ਹੈ, ਉਸ ਦੀ ਹਾਲਤ ਬਹੁਤ ਹੀ ਤਰਸਯੋਗ ਤੇ ਖਸਤਾ ਹੈ | ਜਿਥੇ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ | ਕੋਲ ਹੀ ਰੇਲਵੇ ਫਾਟਕ ਵੀ ਹੈ | ਉਂਝ ਵੀ ਡਰੇਨ ਦੇ ਨਾਲ ਦੀ ਸੜਕ ਬਣਨ ਦੇ ਨਾਲ ਉਸ ਤਰਫ ਟ੍ਰੈਫਿਕ ਕਾਫੀ ਵੱਧ ਗਿਆ ਹੈ | ਜਦੋਂ ਬਰਾਬਰ ਦੀ ਜਾਂ ਭਾਰੀਆਂ ਗੱਡੀਆਂ ਲੰਘਦੀਆਂ ਹਨ ਤਾਂ ਖਦਸਾ ਬਣਿਆ ਰਹਿੰਦਾ ਕਿ ਪੁਲ ਕਿਸੇ ਟਾਇਮ ਵੀ ਟੁੱਟ ਜਾਵੇਗਾ ਤੇ ਜਾਨੀ ਨੁਕਸਾਨ ਹੋ ਸਕਦਾ ਹੈ | ਸਰਕਾਰ ਨੂੰ ਇਧਰ ਵੀ ਉਚੇਚਾ ਧਿਆਨ ਦੇ ਕੇ ਇਸ ਪੁਲ ਦੀ ਵੀ ਮਜ਼ਬੂਤ ਉਸਾਰੀ ਕਰਵਾਉਣੀ ਚਾਹੀਦੀ ਹੈ | ਘਟਨਾ ਵਾਪਰਨ ਮਗਰੋਂ ਹੱਲ ਕੀਤਾ ਤਾਂ ਉਸ ਦਾ ਕੀ ਫ਼ਾਇਦਾ ਹੋਵੇਗਾ | ਪੇਂਡੂ ਮਜ਼ਦੂਰ ਯੂਨੀਅਨ ਦੀ ਟੀਮ ਨੇ ਦੇਖਿਆ ਕਿ ਕਿਵੇਂ ਪੁਲ ਉੱਪਰ ਦੀ ਲੋਕ ਡਰਦੇ ਡਰਦੇ ਗੱਡੀਆਂ ਲੰਘਾਉਂਦਾ ਹਨ, ਸੋ ਪੇਂਡੂ ਮਜ਼ਦੂਰ ਯੂਨੀਅਨ ਤੇ ਲੋਕ ਰੱਖਿਆ ਕਮੇਟੀ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੀ ਹੈ ਕਿ ਇਸ ਪਾਸੇ ਵੱਲ ਵੀ ਸਰਕਾਰ ਉਚੇਚਾ ਧਿਆਨ ਦੇਵੇ ਤੇ ਮਜਬੂਤ ਪੁਲ ਦੀ ਉਸਾਰੀ ਕਰਕੇ ਲੋਕਾਂ ਦਾ ਲਾਂਘਾ ਸੇਫ ਕਰੇ | ਪੇਂਡੂ ਮਜ਼ਦੂਰ ਦੀ ਟੀਮ ਦੇ ਸਾਥੀ ਹੰਸ ਰਾਜ ਪੱਬਵਾਂ, ਅਜੀਤ ਸਿੰਘ ਸਮਰਾ, ਸੁੱਚਾ ਸਿੰਘ, ਸ਼ੀਲਾ ਸਿੱਧਮ, ਸ਼ਿੰਗਾਰਾ ਰਾਮ ਸੁੰਨੜ, ਸੀਤਲ ਸਿੰਘ ਆਦਿ ਨੇ ਸਰਕਾਰ ਦਾ ਇਸ ਪਾਸੇ ਵੱਲ ਧਿਆਨ ਦਵਾਉਣ ਦੀ ਕੋਸ਼ਿਸ਼ ਕੀਤੀ ਤੇ ਮੰਗ ਕੀਤੀ ਕਿ ਨਾਨਕ ਪਿੰਡੀ ਦੇ ਗੰਦੇ ਨਾਲੇ ਪਾਣੀ ਵਾਲਾ ਪੁਲ ਛੇਤੀ ਬਣਾਇਆ ਜਾਵੇ |