ਮਕਸੂਦਾਂ, 12 ਅਪ੍ਰੈਲ (ਸÏਰਵ ਮਹਿਤਾ)-ਮਾਰਚ ਮਹੀਨੇ ਵਿਚ ਵਾਰਡ ਨੰਬਰ 84 ਦੇ ਕੌਂਸਲਰ ਨੀਰਜ ਜੱਸਲ ਖ਼ਿਲਾਫ਼ ਦਰਜ ਹੋਈ ਐਫ਼. ਆਈ. ਆਰ. ਵਿਚ ਠੀਕ ਧਾਰਾਵਾਂ ਨਾ ਲਗਾਉਣ ਦੇ ਦੋਸ਼ਾਂ ਹੇਠ ਬਹੁਜਨ ਸਮਾਜ ਪਾਰਟੀ (ਬਸਪਾ) ਤੇ ਹੋਰ ਸਿਆਸੀ ਧਿਰਾਂ ਵਲੋਂ ਥਾਣਾ ਨੰਬਰ ਇਕ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਨੇ ਥਾਣੇ ਦੇ ਬਾਹਰ ਦਰੀਆਂ ਵਿਛਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਆਪਣਾ ਰੋਸ ਪ੍ਰਗਟਾਇਆ | ਇਸ ਮੌਕੇ ਬਸਪਾ ਨੇਤਾ ਬਲਵਿੰਦਰ ਕੁਮਾਰ ਨੇ ਦੱਸਿਆ ਕਿ 31 ਮਾਰਚ ਨੂੰ ਯੋਗੇਸ਼ ਪੁੱਤਰ ਕਸ਼ਮੀਰੀ ਲਾਲ, ਨਿਵਾਸੀ ਰਵਿਦਾਸ ਨਗਰ ਦੇ ਬਿਆਨਾਂ ਦੇ ਆਧਾਰ 'ਤੇ ਕੌਂਸਲਰ ਨੀਰਜ ਜੱਸਲ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ | ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵਲੋਂ ਪੀੜਤ ਦੇ ਬਿਆਨਾਂ ਤੇ ਮੈਡੀਕਲ ਰਿਪੋਰਟ ਨੂੰ ਨਜ਼ਰਅੰਦਾਜ਼ ਕਰਦਿਆਂ ਮਾਮਲੇ ਵਿਚ ਸਹੀ ਧਾਰਾਵਾਂ ਨਹੀਂ ਜੋੜੀਆਂ ਗਈਆਂ, ਜਿਸ ਨਾਲ ਦੋਸ਼ੀ ਨੂੰ ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਏ. ਡੀ. ਸੀ. ਪੀ. ਆਕਰਸ਼ੀ ਜੈਨ ਦੇ ਕੋਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਇਸ 'ਚ ਉਚਿਤ ਕਾਰਵਾਈ ਕੀਤੀ ਜਾਵੇਗੀ |