ਜਲੰਧਰ, 15 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਖ਼ਾਲਸਾ ਸਾਜਨਾ ਦਿਵਸ-ਵਿਸਾਖੀ ਪੁਰਬ ਨੂੰ ਸਮਰਪਿਤ ਸਜਾਏ ਗਏ ਵਿਸ਼ੇਸ਼ ਦੀਵਾਨਾਂ ਮੌਕੇ ਮਨੁਖ਼ਤਾ ਦੀ ਸੇਵਾ ਨੂੰ ਸਮਰਪਿਤ 'ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ' ਵਲੋਂ ਇਕ ਵੱਡਾ ਉਪਰਾਲਾ ਕੀਤਾ ਗਿਆ, ਜਿਸ ਤਹਿਤ ਅਜਿਹੇ 7 ਲੋੜਵੰਦਾਂ ਨੂੰ ਵੀਲ੍ਹ ਚੇਅਰਾਂ ਦਿੱਤੀਆਂ ਗਈਆਂ, ਜੋ ਕਿ ਕਿਸੇ-ਨਾ-ਕਿਸੇ ਕਾਰਨ ਪੈਰ ਕੱਟੇ ਜਾਣ ਕਰਕੇ, ਤੁਰਨ-ਫਿਰਨ ਤੋਂ ਅਸਮਰੱਥ ਹੋ ਗਏ ਸਨ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਜੁਨੇੇਜਾ ਨੇ ਕਿਹਾ ਕਿ ਅਜੋਕੇ ਪਦਾਰਥਵਾਦੀ ਅਤੇ ਸਵਾਰਥੀ ਯੁੱਗ 'ਚ, ਜਿੱਥੇ ਹਰ ਇਨਸਾਨ ਆਪਣੀ ਨਿੱਜੀ ਦੌੜ 'ਚ ਰੁੱਝਿਆ ਹੋਇਆ ਹੈ, ਉੱਥੇ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਮਨੁੱਖਤਾ ਦੀ ਸੇਵਾ 'ਚ ਵੱਡੇ ਕਾਰਜ ਕਰ ਰਹੀ ਹੈ | ਪ੍ਰਧਾਨ ਜੁਨੇਜਾ ਨੇ ਕਿਹਾ ਕਿ ਇਸ ਅਸਥਾਨ ਤੋਂ ਲੋੜਵੰਦਾਂ ਨੂੰ ਵ੍ਹੀਲ-ਚੇਅਰਾਂ ਵੰਡਣ ਦਾ ਕਾਰਜ ਕੇਵਲ ਇਕ ਸਹਾਇਤਾ ਮਾਤਰ ਨਹੀਂ, ਸਗੋਂ ਉਨ੍ਹਾਂ ਦੇ ਜੀਵਨ 'ਚ ਨਵੀਂ ਉਮੀਦ ਦੀ ਕਿਰਨ ਜਗਾਉਣ ਦਾ ਯਤਨ ਹੈ | ਇਸ ਮੌਕੇ ਸੰਬੋਧਨ ਕਰਦੇ ਹਏ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੇ ਕਿਹਾ ਕਿ 'ਅਸੀਂ ਕੋਈ ਐੱਨ.ਜੀ.ਓ. ਨਹੀਂ, ਗੁਰੂ ਦੀ ਸੰਗਤ ਹਾਂ', ਜੋ ਸਿੱਖੀ ਦੇ ਉਸ ਮੂਲ ਸਿਧਾਂਤ 'ਦਸਵੰਧ' ਰਾਹੀਂ ਲੋੜਵੰਦਾਂ ਦੇ ਦੁੱਖ ਵੰਡਾਉਣ ਲਈ ਕਾਰਜ ਕਰਦੀ ਹੈ | ਇਸ ਮੌਕੇ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੱਸਿਆ ਕਿ ਸੁਸਾਇਟੀ ਦਾ ਕਾਰਜ ਖੇਤਰ ਕੇਵਲ ਵ੍ਹੀਲ-ਚੇਅਰਾਂ ਵੰਡਣ ਤੱਕ ਸੀਮਤ ਨਹੀਂ ਹੈ | ਇਸ ਸੰਸਥਾ ਨੇ 10 ਗਰੀਬ ਕਿਰਤੀ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਅਤੇ ਬਿਮਾਰਾਂ ਦੇ ਇਲਾਜ ਲਈ ਡਾਕਟਰੀ ਸਹਾਇਤਾ ਮੁਹੱਈਆ ਕਰਵਾ ਕੇ ਇਹ ਸਿੱਧ ਕੀਤਾ ਹੈ, ਕਿ ਇਹ ਜਥੇਬੰਦੀ ਜ਼ਮੀਨੀ ਪੱਧਰ 'ਤੇ ਲੋਕਾਂ ਦੀਆਂ ਤਕਲੀਫ਼ਾਂ ਨੂੰ ਸਮਝਦੀ ਹੈ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਜੁਨੇਜਾ ਅਤੇ ਪ੍ਰਬੰਧਕਾਂ ਵਲੋਂ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸੰਤੋਖ ਸਿੰਘ (ਦਿਲੀ ਪੇਂਟ), ਸੰਦੀਪ ਸਿੰਘ ਚਾਵਲਾ, ਠੇਕੇਦਾਰ ਹਰਦੇਵ ਸਿੰਘ ਗਰਚਾ, ਅਰਵਿੰਦਰਜੀਤ ਸਿੰਘ ਚੱਢਾ (ਐਡਵੋਕੇਟ), ਬਲਜੀਤ ਸਿੰਘ ਮਿਸ਼ਨਰੀ, ਪਿ੍ੰਸੀਪਲ ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਰਾਜੂ, ਦਵਿੰਦਰ ਸਿੰਘ ਅਨੰਦ, ਮਨਕਰਨ ਸਿੰਘ, ਸੁਖਵਿੰਦਰ ਸਿੰਘ ਗੋਗੀ, ਗੁਰਬਚਨ ਸਿੰਘ ਕਥੂਰੀਆ, ਚਰਨਜੀਵ ਸਿੰਘ ਲਾਲੀ, ਅਮਰਜੀਤ ਸਿੰਘ ਬਜਾਜ, ਰਜਿੰਦਰ ਪਾਲ ਸਿੰਘ, ਦਵਿੰਦਰ ਪਾਲ ਸਿੰਘ, ਦਵਿੰਦਰ ਪਾਲ ਸਿੰਘ ਸੈਣੀ, ਡਾ. ਤਨਵੀਰ ਡੂਮਰਾ, ਸੁਖਦੇਵ ਸਿੰਘ ਗਾਂਧੀ, ਤਜਿੰਦਰ ਪਾਲ ਸਿੰਘ, ਇੰਦਰਮੋਹਨ ਸਿੰਘ, ਸਤਿੰਦਰ ਪਾਲ ਸਿੰਘ, ਪਰਵਿੰਦਰ ਸਿੰਘ, ਜਸਪ੍ਰੀਤ ਸਿੰਘ ਅਤੇ ਵੀ.ਪੀ. ਸਿੰਘ ਦੀ ਹਾਜ਼ਰੀ ਨੇ ਇਸ ਸੇਵਾ ਕਾਰਜ ਨੂੰ ਹੋਰ ਬੱਲ ਦਿੱਤਾ |