ਜਲੰਧਰ, 17 ਅਪ੍ਰੈਲ (ਸ਼ਿਵ)-ਸ਼ਿਕਾਇਤਾਂ ਮਿਲਣ ਤੋਂ ਬਾਅਦ ਪਾਵਰਕਾਮ ਨੇ 99 ਨਾਜਾਇਜ਼ ਕਾਲੋਨੀਆਂ ਨੂੰ ਬਿਜਲੀ ਕੁਨੈਕਸ਼ਨ ਦੇਣ ਦੇ ਮਾਮਲੇ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਜਿਹੜੀ ਕਿ ਇਸ ਮਾਮਲੇ ਦੀ ਸਮੁੱਚੀ ਜਾਂਚ ਕਰਕੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਦੇਵੇਗੀ | ਸ਼ਿਕਾਇਤਕਰਤਾ ਕਰਨਪ੍ਰੀਤ ਸਿੰਘ ਨੇ 27 ਫਰਵਰੀ 2026 ਨੂੰ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਇਕ ਸ਼ਿਕਾਇਤ ਕੀਤੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ 99 ਨਾਜਾਇਜ਼ ਕਾਲੋਨੀਆਂ 'ਚ ਪਾਵਰਕਾਮ ਵਲੋਂ ਕਿਸ ਤਰ੍ਹਾਂ ਨਾਲ ਬਿਜਲੀ ਦੇ ਕੁਨੈਕਸ਼ਨ ਜਾਰੀ ਕੀਤੇ ਗਏ ਹਨ | ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਾਵਰਕਾਮ ਵਲੋਂ ਇਸ ਮਾਮਲੇ ਦੀ ਜਾਂਚ ਲਈ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ | ਇਹ ਕਮੇਟੀ ਆਈ ਸ਼ਿਕਾਇਤ ਦੀ ਜਾਂਚ ਕਰਕੇ 15 ਦਿਨ 'ਚ ਇਸ ਮਾਮਲੇ ਵਿਚ ਦਫਤਰ ਨੂੰ ਰਿਪੋਰਟ ਦੇਵੇਗੀ | ਕਮੇਟੀ ਦਾ ਗਠਨ ਮੁੱਖ ਇੰਜ. ਦਫਤਰ ਵਲੋਂ ਕੀਤਾ ਗਿਆ ਹੈ ਤੇ ਇਸ ਤਿੰਨ ਮੈਂਬਰੀ ਕਮੇਟੀ ਦੇ ਚੇਅਰਮੈਨ ਇੰਜ. ਰਾਜੇਸ਼ ਕੁਮਾਰ, ਇੰਜ. ਪੁਸ਼ਪਿੰਦਰ ਸਿੰਘ, ਇੰਜ. ਗਗਨਦੀਪ ਸਿੰਘ ਸ਼ਾਮਿਲ ਕੀਤੇ ਗਏ ਹਨ | ਸ਼ਿਕਾਇਤਕਰਤਾ ਵਲੋਂ ਜਿਨਾਂ ਨਾਜਾਇਜ਼ ਕਾਲੋਨੀਆਂ ਦੀ ਸ਼ਿਕਾਇਤ ਕੀਤੀ ਗਈ ਹੈ | ਇਹ ਕਾਲੋਨੀਆਂ ਜਲੰਧਰ ਹੱਦ 'ਚ ਪੈਂਦੀਆਂ ਹਨ ਤੇ ਇਹ ਇਲਾਕਾ ਵੀ ਜਲੰਧਰ ਜੇ. ਡੀ. ਏ. ਦੀ ਹੱਦ ਵਿਚ ਪੈਂਦਾ ਹੈ | ਸ਼ਿਕਾਇਤਕਰਤਾ ਵਲੋਂ ਇਨ੍ਹਾਂ ਕਾਲੋਨੀਆਂ 'ਚ ਕੁਨੈਕਸ਼ਨ ਦੇਣ ਦੀ ਸ਼ਿਕਾਇਤ ਕੀਤੀ ਗਈ ਹੈ ਤੇ ਇਹ ਕਮੇਟੀ ਇਹੋ ਮਾਮਲਿਆਂ ਦੀ ਜਾਂਚ ਕਰੇਗੀ ਕਿ ਜੇਕਰ ਇਹ ਕੁਨੈਕਸ਼ਨ ਦਿੱਤੇ ਗਏ ਹਨ ਤਾਂ ਕਿਸ ਆਧਾਰ 'ਤੇ ਦਿੱਤੇ ਗਏ ਹਨ | ਉਂਜ ਸੂਤਰਾਂ ਦਾ ਕਹਿਣਾ ਸੀ ਕਿ ਇਨ੍ਹਾਂ ਕੁਨੈਕਸ਼ਨਾਂ ਨੂੰ ਕਿਸੇ ਐਨ. ਓ. ਸੀ. ਮਿਲਣ ਦੇ ਆਧਾਰ ਤੋਂ ਬਾਅਦ ਵੀ ਜਾਰੀ ਕੀਤੇ ਜਾ ਸਕਦੇ ਹਨ | ਚਾਹੇ ਇਸ ਮਾਮਲੇ 'ਚ ਕੁਨੈਕਸ਼ਨ ਦੇਣ ਦੇ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ ਪਰ ਇਨ੍ਹਾਂ ਕਈ ਕਾਲੋਨੀਆਂ ਵਿਚ ਤਾਂ ਕੌਂਸਲਾਂ ਵਲੋਂ ਵੀ ਵਿਕਾਸ ਦੇ ਕੰਮ ਕਰਵਾਏ ਜਾਂਦੇ ਰਹੇ ਹਨ |