ਜਲੰਧਰ, 17 ਅਪ੍ਰੈਲ (ਸ਼ਿਵ)-ਨਗਰ ਨਿਗਮ ਨੇ ਸ਼ਹਿਰ 'ਚ ਉਨ੍ਹਾਂ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਕੰਮ ਤੇਜ਼ ਕਰ ਦਿੱਤਾ ਹੈ ਜਿਨ੍ਹਾਂ ਵਲੋਂ ਕੰਮਾਂ ਦੇ ਠੇਕੇ ਲੈ ਲਏ ਹਨ ਪਰ ਉਨ੍ਹਾਂ ਨੂੰ ਅਜੇ ਸ਼ੁਰੂ ਨਹੀਂ ਕੀਤਾ ਗਿਆ ਹੈ | ਇਸ ਦੀ ਸ਼ਿਕਾਇਤਾਂ ਆਉਣ ਤੋਂ ਬਾਅਦ ਨਿਗਮ ਪ੍ਰਸ਼ਾਸਨ ਵਲੋਂ ਪਹਿਲਾਂ ਵੀ ਕਈ ਕੰਪਨੀਆਂ ਦੇ ਠੇਕੇ ਰੱਦ ਕੀਤੇ ਗਏ ਹਨ ਤੇ ਹੋਰ ਵੀ ਇਸ ਮਾਮਲੇ 'ਚ ਅਗਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ | ਮੇਅਰ ਵਨੀਤ ਧੀਰ ਨੇ ਟਰਾਂਸਪੋਰਟ ਨਗਰ ਤੋਂ ਲੈ ਕੇ ਬੁਲੰਦ ਪੁਰ ਦੀ ਪੁਲੀ ਤੱਕ ਸੜਕ ਨਾ ਬਣਾਉਣ ਵਾਲੀ ਕੰਪਨੀ ਦਾ ਠੇਕਾ ਰੱਦ ਕਰ ਦਿੱਤਾ ਹੈ ਤੇ ਉਸ ਕੰਪਨੀ ਦੀ ਜ਼ਮਾਨਤੀ ਰਕਮ ਜ਼ਬਤ ਕਰਨ ਤੋਂ ਇਲਾਵਾ ਉਸ ਨੂੰ ਡੀ ਬਾਰ (ਇਕ ਸਾਲ ਲਈ ਨਿਗਮ ਦਾ ਕੰਮ ਨਹੀਂ ਕਰ ਸਕੇਗਾ) ਕਰਨ ਲਈ ਕਹਿ ਦਿੱਤਾ ਹੈ | ਦੱਸਿਆ ਜਾਂਦਾ ਹੈ ਕਿ ਬੀਤੇ ਦਿਨੀਂ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਵਿਚ ਹੋਈ ਇਕ ਮੀਟਿੰਗ ਵਿਚ ਇਸ ਬਾਰੇ ਮਾਮਲਾ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਜਿਸ ਕੰਪਨੀ ਨੂੰ ਇਸ ਕੰਮ ਦਾ ਠੇਕਾ ਅਲਾਟ ਹੋਇਆ ਹੈ, ਉਸ ਵਲੋਂ ਕੰਮ ਨਹੀਂ ਕੀਤਾ ਗਿਆ ਹੈ | ਮੇਅਰ ਵਨੀਤ ਧੀਰ ਦਾ ਕਹਿਣਾ ਸੀ ਕਿ ਪਹਿਲਾਂ ਜੁਲਾਈ 2025 ਨੂੰ ਕੰਪਨੀ ਨੂੰ 1.08 ਕਰੋੜ ਦੀ ਲਾਗਤ ਨਾਲ ਸੜਕ ਬਣਾਉਣ ਦਾ ਵਰਕ ਆਰਡਰ ਅਲਾਟ ਹੋਇਆ ਸੀ ਪਰ ਇਹ ਕੰਮ ਨਹੀਂ ਕੀਤਾ | ਹੁਣ ਪੁਰਾਣਾ ਠੇਕਾ ਰੱਦ ਹੋਣ ਤੋਂ ਬਾਅਦ ਇਸ ਕੰਮ ਦਾ ਨਵਾਂ ਟੈਂਡਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਟੈਂਡਰ ਪ੍ਰਕਿਰਿਆ ਜਲਦੀ ਸ਼ੁਰੂ ਕਰਕੇ ਇਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ |