ਜਲੰਧਰ, 18 ਅਪ੍ਰੈਲ (ਸ਼ਿਵ)-ਨਗਰ ਨਿਗਮ ਦੀਆਂ ਕਈ ਪਾਰਕਿੰਗਾਂ ਸਾਲਾਂ ਤੋਂ ਠੇਕੇ 'ਤੇ ਨਾ ਚੜ੍ਹਨ ਕਰਕੇ ਹੁਣ ਨਗਰ ਨਿਗਮ ਵਲੋਂ ਇਨ੍ਹਾਂ ਪਾਰਕਿੰਗਾਂ ਦੀਆਂ ਰਾਖਵੀਂਆਂ ਕੀਮਤਾਂ ਘਟਾ ਕੇ ਠੇਕੇ 'ਤੇ ਦੇਣ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਜੇਕਰ ਇਨ੍ਹਾਂ ਪਾਰਕਿੰਗਾਂ ਦੀਆਂ ਰਾਖਵੀਂਆਂ ਫ਼ੀਸਾਂ ਘਟਾ ਦਿੱਤੀਆਂ ਜਾਣ ਤਾਂ ਇਹ ਠੇਕੇ 'ਤੇ ਚੜ੍ਹ ਸਕਦੀਆਂ ਹਨ | ਨਗਰ ਨਿਗਮ ਆਪਣੀਆਂ ਕਈ ਪਾਰਕਿੰਗਾਂ ਨੂੰ ਠੇਕੇ 'ਤੇ ਦੇਣ ਲਈ ਕਈ ਬਾਰ ਟੈਂਡਰ ਲਗਾ ਚੁੱਕਾ ਹੈ ਪਰ ਇਹ ਸਿਰੇ ਚੜ੍ਹਦੇ ਨਜ਼ਰ ਨਹੀਂ ਆ ਰਹੇ ਹਨ, ਜਿਸ ਕਰਕੇ ਉਸ ਦਾ ਹੁਣ ਤੱਕ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ | ਨਗਰ ਨਿਗਮ ਵਲੋਂ ਹੁਣ ਠੇਕੇ 'ਤੇ ਚੜ੍ਹਾਉਣ ਲਈ ਜਿਹੜੀਆਂ ਪਾਰਕਿੰਗਾਂ ਦੀਆਂ ਨਵੀਆਂ ਰਾਖਵੀਂਆਂ ਕੀਮਤਾਂ ਪ੍ਰਸਤਾਵਿਤ ਕੀਤੀਆਂ ਹਨ, ਉਨ੍ਹਾਂ 'ਚ ਕੰਪਨੀ ਬਾਗ਼ ਪਾਰਕਿੰਗ ਦਾ ਸਲਾਨਾ ਠੇਕਾ 40 ਲੱਖ ਵਿਚ ਤੇ ਰੰਗਲਾ ਵਿਹੜਾ ਦਾ ਸਾਲਾਨਾ ਠੇਕਾ 20 ਲੱਖ ਵਿਚ ਦੇਣ ਲਈ ਪ੍ਰਸਤਾਵਿਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਨਿਗਮ ਦੀਆਂ 7 ਹੋਰ ਜਿਹੜੀਆਂ ਪਾਰਕਿੰਗਾਂ 2021 ਤੱਕ ਰਾਖਵੀਂਆਂ ਕੀਮਤਾਂ ਤੈਅ ਕੀਤੀਆਂ ਗਈਆਂ ਸੀ | ਉਨ੍ਹਾਂ 'ਚ ਮਾਮੂਲੀ ਵਾਧਾ ਕਰਕੇ ਇਨ੍ਹਾਂ ਨੂੰ ਠੇਕੇ 'ਤੇ ਦਿੱਤਾ ਜਾਵੇਗਾ | ਨਗਰ ਨਿਗਮ ਦੀਆਂ ਸ਼ਹਿਰ 'ਚ ਕਰੀਬ 25 ਪਾਰਕਿੰਗਾਂ ਹਨ | ਇਨ੍ਹਾਂ ਕਈ ਪਾਰਕਿੰਗਾਂ ਦੀ ਰਾਖਵੀਂ ਫ਼ੀਸ 'ਚ ਮਾਮੂਲੀ ਵਾਧਾ ਕਰਕੇ ਇਨ੍ਹਾਂ ਨੂੰ ਠੇਕੇ 'ਤੇ ਚੜ੍ਹਾਉਣ ਦਾ ਕੰਮ ਕੀਤਾ ਜਾਵੇਗਾ | ਜੇਕਰ ਇਹ ਰਾਖਵੀਂਆਂ ਫ਼ੀਸਾਂ 'ਤੇ ਮਨਜ਼ੂਰੀ ਲੈ ਕੇ ਅਗਲੇ ਹਫ਼ਤੇ ਟੈਂਡਰ ਲਗਾ ਦਿੱਤਾ ਜਾਵੇਗਾ | ਨਗਰ ਨਿਗਮ ਦੀਆਂ ਪਾਰਕਿੰਗਾਂ ਠੇਕੇ 'ਤੇ ਨਾ ਦੇਣ ਕਰਕੇ ਉਸ ਨੂੰ ਵਿੱਤੀ ਨੁਕਸਾਨ ਤਾਂ ਉਠਾਉਣਾ ਪੈ ਹੀ ਰਿਹਾ ਹੈ ਸਗੋਂ ਕਈ ਨਾਜਾਇਜ਼ ਪਾਰਕਿੰਗਾਂ ਲੱਗਣ ਕਰਕੇ ਅਲੱਗ ਤੋਂ ਚੂਨਾ ਲੱਗ ਰਿਹਾ ਹੈ | ਕੁੱਝ ਦਿਨ ਪਹਿਲਾਂ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਵਲੋਂ ਰੰਗਲਾ ਵਿਹੜਾ ਦੋ ਕੋਲ ਮੌਕੇ 'ਤੇ ਜਾ ਕੇ ਨਾਜਾਇਜ ਪਾਰਕਿੰਗ ਵਸੂਲੀ ਦਾ ਮਾਮਲਾ ਫੜਿਆ ਸੀ ਤੇ ਇਸ ਮਾਮਲੇ ਵਿਚ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ | ਇਸ ਤੋਂ ਇਲਾਵਾ ਨਿਗਮ ਦਫਤਰ ਦੇ ਬਾਹਰ ਨਿਗਮ ਦੇ ਆਪਣੇ ਪਾਰਕਿੰਗ ਵਿਚ ਫ਼ੀਸ ਘੋਟਾਲਾ ਸਾਹਮਣੇ ਆਇਆ ਸੀ ਜਦੋਂ ਵਸੂਲੀ ਗਈ ਕੁੱਝ ਰਕਮ ਜਮਾਂ ਨਹੀਂ ਹੋਈ ਸੀ |