ਜਲੰਧਰ, 18 ਅਪ੍ਰੈਲ (ਜਤਿੰਦਰ ਪੰਮੀ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸਨਿਚਰਵਾਰ ਨੂੰ ਵੈਸਟ ਹਲਕੇ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਚਲਾਈ ਗਈ | ਏ. ਸੀ. ਪੀ. ਵੈਸਟ ਦੀ ਅਗਵਾਈ ਹੇਠ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਥਾਣਾ ਡਵੀਜ਼ਨ ਨੰਬਰ 5, ਭਾਰਗੋ ਕੈਂਪ ਤੇ ਥਾਣਾ ਬਸਤੀ ਬਾਵਾ ਖੇਲ ਦੇ ਥਾਣਾ ਮੁਖੀਆਂ ਤੇ ਮੁਲਾਜ਼ਮਾਂ ਨੇ ਹਿੱਸਾ ਲਿਆ | ਪੁਲਿਸ ਨੇ ਬਸਤੀ ਗੁਜ਼ਾਂ, ਬਸਤੀ ਦਾਨਿਸ਼ਮੰਦਾਂ ਤੇ ਅਵਤਾਰ ਨਗਰ, ਭਾਰਗੋ ਕੈਂਪ ਸਮੇਤ ਹੋਰ ਇਲਾਕਿਆਂ 'ਚ ਸ਼ੱਕੀਆਂ ਦੇ ਘਰਾਂ 'ਚ ਜਾ ਕੇ ਤਲਾਸ਼ੀ ਲਈ | ਇਸ ਦੌਰਾਨ ਤਿੰਨ ਜਣਿਆਂ ਨੂੰ ਹਿਰਾਸਤ 'ਚ ਲਿਆ ਗਿਆ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਸੀ | ਇਸ ਸੰਬੰਧੀ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ | ਉਨ੍ਹਾਂ ਦੱਸਿਆ ਤਲਾਸ਼ੀ ਮੁਹਿੰਮ ਦੌਰਾਨ ਇਕ ਵਿਅਕਤੀ ਨੂੰ 6 ਗ੍ਰਾਮ ਹੈਰੋਇੰਨ ਸਮੇਤ ਕਾਬੂ ਕੀਤਾ ਗਿਆ ਜਦਕਿ ਦੂਜੇ ਨੂੰ ਨਸ਼ੇ ਦਾ ਸੇਵ ਕਰਦਿਆਂ ਮੌਕੇ 'ਤੇ ਹੀ ਕਾਬੂ ਕਰ ਲਿਆ | ਤੀਜੇ ਵਿਅਕਤੀ ਨੂੰ ਵੀ ਨਸ਼ੀਲੇ ਪਦਾਰਥ ਸਮੇਤ ਹਿਰਾਸਤ 'ਚ ਲਿਆ ਗਿਆ | ਏ. ਸੀ. ਪੀ. ਭਾਟੀਆ ਨੇ ਦੱਸਿਆ ਕਿ ਨਸ਼ੇ ਦਾ ਸੇਵਨ ਕਰਨ ਵਾਲੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਇਲਾਜ ਲਈ ਭੇਜਿਆ ਜਾ ਰਿਹਾ ਹੈ | ਇਸ ਦੇ ਨਾਲ ਹੀ ਦੂਜੇ ਦੋ ਮੁਲਜ਼ਮਾਂ ਖ਼ਿਲਾਫ਼ ਵੀ ਐੱਨ. ਡੀ. ਪੀ. ਐੱਸ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਨਸ਼ਿਆਂ ਦੇ ਖਾਤਮੇ ਲਈ ਸਮੇਂ-ਸਮੇਂ ਸਿਰ ਤਲਾਈ ਮੁਹਿੰਮ ਚਲਾਈ ਜਾਵੇਗੀ |