ਜਲੰਧਰ, 18 ਅਪ੍ਰੈਲ (ਸ਼ਿਵ)-ਨਾਜਾਇਜ਼ ਉਸਾਰੀਆਂ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਜੇ. ਪੀ. ਨਗਰ ਰੋਡ 'ਤੇ ਚਾਰ ਦੇ ਕਰੀਬ ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ | ਚਾਹੇ ਇਸ ਰੋਡ 'ਤੇ ਕਰੀਬ 50 ਦੁਕਾਨਾਂ ਦੀ ਨਾਜਾਇਜ਼ ਉਸਾਰੀ ਹੋਈ ਹੈ ਪਰ ਇਸ ਜਗ੍ਹਾ 'ਤੇ ਨਿਗਮ ਵਲੋਂ ਸਿਰਫ਼ 4 ਦੁਕਾਨਾਂ ਹੀ ਸੀਲ ਕੀਤੀਆਂ ਗਈਆਂ ਹਨ | ਇਹ ਦੁਕਾਨਾਂ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸੀ ਜਦੋਂ ਇਕ ਸ਼ਿਕਾਇਤਕਰਤਾ ਕਰਨਪ੍ਰੀਤ ਸਿੰਘ ਵਲੋਂ ਇਨ੍ਹਾਂ ਨਾਜਾਇਜ਼ ਦੁਕਾਨਾਂ ਦੀ ਬਾਕੀ ਉਸਾਰੀਆਂ ਦੀ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਚੌਕਸੀ ਅਫ਼ਸਰ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸੀ ਤਾਂ ਕੁੱਝ ਦਿਨ ਪਹਿਲਾਂ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਮੁੱਖ ਚੌਕਸੀ ਅਫ਼ਸਰ ਦੀ ਟੀਮ ਵਲੋਂ ਜੇ. ਪੀ. ਨਗਰ ਰੋਡ ਸਥਿਤ ਬਣੀਆਂ ਨਾਜਾਇਜ਼ ਦੁਕਾਨਾਂ ਦੀ ਚੈਕਿੰਗ ਕੀਤੀ ਸੀ | ਦੱਸਿਆ ਜਾਂਦਾ ਹੈ ਕਿ ਜਦੋਂ ਟੀਮ ਨੇ ਕੁਝ ਦਿਨ ਪਹਿਲਾਂ ਫੁੱਟਬਾਲ ਚੌਕ ਦੇ ਨਾਲ ਹੀ ਇਕ ਸੀਲ ਲੱਗੀ ਇਮਾਰਤ ਦਾ ਮੌਕਾ ਦੇਖਿਆ ਸੀ ਤਾਂ ਟੀਮ ਦੇ ਜਾਣ ਤੋਂ ਬਾਅਦ 'ਚ ਉਸ ਉਸਾਰੀ ਦੇ ਉੱਪਰ ਲੈਂਟਰ ਵੀ ਪਾ ਦਿੱਤਾ ਗਿਆ ਸੀ | ਸ਼ਿਕਾਇਤਕਰਤਾ ਵਲੋਂ ਮੁੱਖ ਚੌਕਸੀ ਅਫ਼ਸਰ ਨੂੰ ਨਾਜਾਇਜ਼ ਉਸਾਰੀਆਂ ਤੇ ਕਈ ਨਾਜਾਇਜ਼ ਕਾਲੋਨੀਆਂ, ਕੋਠੀਆਂ ਦੀ ਉਸਾਰੀ ਦੀ ਸ਼ਿਕਾਇਤ ਕੀਤੀ ਸੀ ਤਾਂ ਮੁੱਖ ਚੌਕਸੀ ਅਫ਼ਸਰ ਵਲੋਂ ਚੈਕਿੰਗ ਦੌਰਾਨ ਕਈ ਮੌਕੇ ਦੇਖੇ ਗਏ ਸਨ ਤਾਂ ਉਹ ਵੀ ਹੈਰਾਨ ਰਹਿ ਗਏ ਸਨ | ਜਦੋਂ ਟੀਮ ਚੈਕਿੰਗ ਕਰ ਰਹੀ ਸੀ ਤਾਂ ਉਸ ਵੇਲੇ ਨਿਗਮ ਦੇ ਬਿਲਡਿੰਗ ਵਿਭਾਗ ਦੇ ਨਾਲ ਦੋ ਮੁਲਾਜ਼ਮ ਸਨ ਜਿਹੜੇ ਕਿ ਬਾਅਦ 'ਚ ਵਾਪਸ ਚਲੇ ਗਏ ਸਨ | ਮੁੱਖ ਚੌਕਸੀ ਅਫ਼ਸਰ ਜਲੰਧਰ ਆ ਕੇ ਦੋ ਬਾਰ ਮੌਕੇ ਦੇਖ ਚੁੱਕੇ ਹਨ | ਪਹਿਲਾਂ ਬਾਰ ਉਹ ਪੱਛਮੀ ਹਲਕੇ ਦੇ ਕਈ ਇਲਾਕਿਆਂ 'ਚ ਨਾਜਾਇਜ਼ ਉਸਾਰੀਆਂ ਦਾ ਮੌਕਾ ਦੇਖਣ ਗਏ ਸਨ ਤਾਂ ਬਾਅਦ 'ਚ ਉਨ੍ਹਾਂ ਨੇ ਕੇਂਦਰੀ ਹਲਕੇ 'ਚ ਵੀ ਕਈ ਉਸਾਰੀਆਂ ਦੇ ਮੌਕੇ ਦੇਖੇ ਸਨ | ਉਨਾਂ ਨੇ ਨਿਗਮ ਦਫਤਰ 'ਚ ਜਾ ਕੇ ਓ. ਐਂਡ ਐਮ. ਵਿਭਾਗ ਦੀਆਂ ਸ਼ਿਕਾਇਤਾਂ ਦੇ ਮਾਮਲੇ ਬਾਰੇ ਵੀ ਜਾਂਚ ਕੀਤੀ ਸੀ ਜਦਕਿ ਨਾਜਾਇਜ਼ ਉਸਾਰੀਆਂ ਤੇ ਨਾਜਾਇਜ਼ ਕਾਲੋਨੀਆਂ ਦੇ ਮਾਮਲੇ 'ਚ ਉਨ੍ਹਾਂ ਨੇ 17 ਅਪ੍ਰੈਲ ਤੱਕ ਸਾਰੇ ਰਿਕਾਰਡ ਚੰਡੀਗੜ੍ਹ ਭੇਜਣ ਦੀ ਹਦਾਇਤ ਦਿੱਤੀ ਸੀ | ਉਂਜ ਸੂਤਰਾਂ ਦੀ ਮੰਨੀਏ ਤਾਂ ਅਜੇ ਤੱਕ ਮੁੱਖ ਚੌਕਸੀ ਅਫ਼ਸਰ ਕੋਲ ਇਹ ਰਿਕਾਰਡ ਨਹੀਂ ਪੁੱਜਾ ਹੈ | ਇਸ ਬਾਰੇ ਉਹ ਦੁਬਾਰਾ ਵੀ ਹਦਾਇਤ ਦੇ ਸਕਦੇ ਹਨ |